ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਅਕਤੂਬਰ
ਭਾਸ਼ਾਵਾਂ ਦੀ ਬਿਹਤਰੀ ਲਈ ਬਣਾਇਆ ਭਾਸ਼ਾ ਵਿਭਾਗ ਪੰਜਾਬ ਦਾ ਹਾਲ ਅੱਜ ਵੀ ਚੰਗਾ ਨਹੀਂ ਹੈ, ਇਸ ਅਹਿਮ ਵਿਭਾਗ ਦੀ ਸਰਕਾਰ ਵੱਲੋਂ ਬੇਰੁਖ਼ੀ ਇੱਥੋਂ ਦੇਖੀ ਜਾ ਸਕਦੀ ਹੈ ਕਿ ਇਸ ਵਿਭਾਗ ਵਿਚ ਅਹਿਮ ਅਸਾਮੀਆਂ ਖ਼ਾਲੀ ਪਈਆਂ ਹਨ, ਜੇ ਅਸਾਮੀਆਂ ਹੀ ਖ਼ਾਲੀ ਹਨ ਤਾਂ ਕੰਮ ਕਿਵੇਂ ਹੋ ਸਕਦਾ ਹੈ।
ਭਾਸ਼ਾ ਵਿਭਾਗ ਪੰਜਾਬ ’ਚ ਐਡੀਸ਼ਨਲ ਡਾਇਰੈਕਟਰ ਦੀ ਅਹਿਮ ਅਸਾਮੀ ਖ਼ਾਲੀ ਪਈ ਹੈ। ਜੁਆਇੰਟ ਡਾਇਰੈਕਟਰ ਦੀਆਂ ਦੋ ਅਸਾਮੀਆਂ ਹਨ ਤੇ ਉਹ ਦੋਵੇਂ ਖ਼ਾਲੀ ਹਨ। ਡਿਪਟੀ ਡਾਇਰੈਕਟਰ ਦੀਆਂ 6 ’ਚੋਂ 4 ਖ਼ਾਲੀ ਹਨ। ਭਾਸ਼ਾ ਵਿਭਾਗ ’ਚ ਖੋਜਾਂ ਕਰਨੀਆਂ ਲਾਜ਼ਮੀ ਹਨ, ਜਿਸ ਕਰਕੇ ਇੱਥੇ ਖੋਜ ਕਰਨ ਲਈ ਰਿਸਰਚ ਅਫ਼ਸਰਾਂ ਤੇ ਅਸਿਸਟੈਂਟ ਰਿਸਰਚ ਅਫ਼ਸਰਾਂ ਦੀਆਂ ਅਸਾਮੀਆਂ ਪੈਦਾ ਕੀਤੀਆਂ ਗਈਆਂ ਸਨ, ਪਰ ਰਿਸਰਚ ਅਫ਼ਸਰਾਂ ਦੀਆਂ 40 ਅਸਾਮੀਆਂ ਸਾਰੀਆਂ ਖ਼ਾਲੀ ਪਈਆਂ ਹਨ, ਅਸਿਸਟੈਂਟ ਰਿਸਰਚ ਅਫ਼ਸਰਾਂ ਦੀਆਂ 60 ਅਸਾਮੀਆਂ ਸਾਰੀਆਂ ਹੀ ਖ਼ਾਲੀ ਪਈਆਂ ਹਨ। ਇਸੇ ਤਰ੍ਹਾਂ ਅਸਿਸਟੈਂਟ ਡਾਇਰੈਕਟਰ ਕਮ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਚੰਡੀਗੜ੍ਹ ਸਮੇਤ 33 ਅਸਾਮੀਆਂ ਦੀ ਲੋੜ ਹੈ ਪਰ ਸਿਰਫ਼ 11 ਅਸਾਮੀਆਂ ਹੀ ਭਰੀਆਂ, 22 ਖ਼ਾਲੀ ਹਨ, ਜਿਸ ਕਰਕੇ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਕਈ ਸਾਰੇ ਜ਼ਿਲ੍ਹਿਆਂ ਵਿੱਚ ਸੀਟਾਂ ਖ਼ਾਲੀ ਹਨ, ਦੂਜੇ ਜ਼ਿਲ੍ਹਿਆਂ ਦੇ ਭਾਸ਼ਾ ਅਫ਼ਸਰਾਂ ਨੂੰ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਸੇਵਾ ਮੁਕਤੀਆਂ ਹੁੰਦੀਆਂ ਗਈਆਂ ਪਰ ਭਰਤੀ ਨਾ ਹੋਣ ਕਰਕੇ ਹਾਲ ਬਹੁਤ ਹੀ ਤਰਸਯੋਗ ਹੈ। ਫ਼ਰੀਦਕੋਟ, ਫ਼ਿਰੋਜਪੁਰ, ਹੁਸ਼ਿਆਰਪੁਰ ਆਦਿ ਕਈ ਜ਼ਿਲ੍ਹਿਆਂ ’ਚ ਕੋਈ ਜ਼ਿਲ੍ਹਾ ਅਫ਼ਸਰ ਨਹੀਂ ਹੈ। ਸਰਕਾਰ ਨੇ ਨਵੇਂ ਜ਼ਿਲ੍ਹੇ ਤਾਂ ਬਣਾ ਦਿੱਤੇ ਹਨ ਪਰ ਇੱਥੇ ਭਾਸ਼ਾ ਦਫ਼ਤਰ ਨਹੀਂ ਬਣਾਏ ਗਏ ਜਿਵੇਂ ਤਰਨਤਾਰਨ, ਪਠਾਨਕੋਟ, ਮੁਕਤਸਰ, ਮੋਗਾ, ਮਲੇਰਕੋਟਲਾ ’ਚ ਭਾਸ਼ਾ ਦਫ਼ਤਰ ਹੀ ਨਹੀਂ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਆਪਣੀ ਮਾਤਾ ਭਾਸ਼ਾ ਪ੍ਰਤੀ ਕਿੰਨੀ ਸੰਵੇਦਨਸ਼ੀਲ ਹੈ।
ਅਸਾਮੀਆਂ ਭਰਨ ਦਾ ਮਾਮਲਾ ਸਰਕਾਰ ਦੇ ਏਜੰਡੇ ’ਤੇ: ਡਾਇਰੈਕਟਰ
ਅਸਾਮੀਆਂ ਖ਼ਾਲੀ ਹੋਣ ਬਾਰੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਦਾ ਕੰਮ ਸੰਭਾਲ ਰਹੇ ਕਰਮਜੀਤ ਕੌਰ ਨੇ ਕਿਹਾ ਹੈ ਕਿ ਸਰਕਾਰ ਦੇ ਏਜੰਡੇ ’ਚ ਮੌਜੂਦ ਹੈ ਕਿ ਸਾਰੀਆਂ ਅਸਾਮੀਆਂ ਭਰੀਆਂ ਜਾਣਗੀਆਂ। 50 ਅਸਿਸਟੈਂਟ ਰਿਸਰਚ ਅਫ਼ਸਰ ਦਿੱਤੇ ਜਾ ਰਹੇ ਹਨ, ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਵੀ ਭਰੀਆਂ ਜਾ ਰਹੀਆਂ ਹਨ। ਡਿਪਟੀ ਡਾਇਰੈਕਟਰ ਦੀਆਂ ਛੇ ਅਸਾਮੀਆਂ ’ਚੋਂ ਘਟਾ ਕੇ 4 ਕਰ ਦਿੱਤੀਆਂ ਹਨ। ਡਾਇਰੈਕਟਰ ਨੇ ਕਿਹਾ ਕਿ ਉਮੀਦ ਹੈ ਕਿ ਹਾਲ ਹੀ ’ਚ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਸਅਸਾਮੀਆਂ ਮਿਲ ਜਾਣਗੀਆਂ।