ਸਰਬਜੀਤ ਸਿਘ ਭੰਗੂ
ਪਟਿਆਲਾ, 30 ਦਸੰਬਰ
ਕਾਂਗਰਸ ਪਾਰਟੀ ਵੱਲੋਂ ਇੱਕ ਪਰਿਵਾਰ ’ਚ ਇੱਕ ਹੀ ਟਿਕਟ ਦੇਣ ਦੇ ਲਏ ਗਏ ਫੈਸਲੇ ਨਾਲ ਟਕਸਾਲੀ ਆਗੂ ਲਾਲ ਸਿੰਘ ਦੀਆਂ ਆਸਾਂ ’ਤੇ ਪਾਣੀ ਫਿਰਨ ਦਾ ਖਦਸ਼ਾ ਹੈ। ਇਸ ਫੈਸਲੇ ਨੇ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰ ਹੈਰੀਮਾਨ ਦੀਆਂ ਅੱਖਾਂ ’ਚ ਚਮਕ ਲੈ ਆਂਦੀ ਹੈ।
ਜ਼ਿਕਰਯੋਗ ਹੈ ਕਿ ਲਾਲ ਸਿੰਘ ਡਕਾਲ਼ਾ (ਹੁਣ ਸਨੌਰ) ਤੋਂ 1977 ’ਚ ਪਹਿਲੀ ਵਾਰ ਤੇ 1980 ’ਚ ਦੂਜੀ ਵਾਰ ਵਿਧਾਇਕ ਬਣੇ ਸਨ। 2012 ਤੱਕ ਇਸ ਹਲਕੇ ਤੋਂ ਅੱਠ ਵਾਰ ਚੋਣ ਲੜੇ ਤੇ ਛੇ ਵਾਰ ਵਿਧਾਇਕ ਬਣੇ। ਇੱਕ ਦਰਜਨ ਤੋਂ ਵੱਧ ਵਿਭਾਗਾਂ ਦੇ ਉਹ ਮੰਤਰੀ ਵੀ ਰਹਿ ਚੁੱਕੇ ਹਨ। 2017 ’ਚ ਲਾਲ ਸਿੰਘ 50 ਸਾਲਾਂ ਮਗਰੋਂ ਪਹਿਲੀ ਵਾਰ ਟਿਕਟ ਤੋਂ ਵਾਂਝੇ ਰਹੇ ਕਿਉਂਕਿ 2017 ’ਚ ਉਨ੍ਹਾਂ ਦੇ ਪੁੱਤਰ ਕਾਕਾ ਰਾਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਮਿਲੀ ਤੇ ਉਹ ਵਿਧਾਇਕ ਬਣੇ। ਉਦੋਂ ਲਾਲ ਸਿੰਘ ਨੂੰ ਵੀ ਸਨੌਰ ਤੋਂ ਟਿਕਟ ਦੀ ਪੂਰੀ ਆਸ ਸੀ ਪਰ ਅੰਦਰੂਨੀ ਰਾਜਨੀਤੀ ਕਾਰਨ ਕੈਪਟਨ ਅਮਰਿੰਦਰ ਸਿੰਘ ਦੇ ਦਖਲ ਨਾਲ ਪਾਰਟੀ ਨੇ ਇੱਕ ਪਰਿਵਾਰ ’ਚ ਇਕ ਟਿਕਟ ਦੇਣ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ। ਇਸ ਕਾਰਨ ਲਾਲ ਸਿੰਘ ਟਿਕਟ ਤੋਂ ਵਾਂਝੇ ਰਹਿ ਗਏ ਪਰ ਰਾਹੁਲ ਗਾਂਧੀ ਵੱਲੋਂ ਕੀਤੇ ਵਾਅਦੇ ਤਹਿਤ ਲਾਲ ਸਿੰਘ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਾਇਆ ਗਿਆ। ਜੇ ਪਿਛਲੀ ਵਾਰ ਲਾਲ ਸਿੰਘ ਵਿਧਾਇਕ ਬਣੇ ਹੁੰਦੇ ਤਾਂ ਉਹ ਸੀਨੀਅਰ ਮੰਤਰੀ ਹੁੰਦੇ। ਸਨੌਰ ਹਲਕੇ ਨਾਲ ਉਨ੍ਹਾਂ ਦਾ ਕਾਫੀ ਲਗਾਅ ਹੈ ਤੇ ਉਹ ਮਜਬੂਤ ਆਧਾਰ ਵੀ ਰੱਖਦੇ ਹਨ। ਐਤਕੀਂ ਫਿਰ ਕਾਂਗਰਸ ’ਚ ਇੱਕ ਪਰਿਵਾਰ ਇੱਕ ਟਿਕਟ ਦਾ ਫਰਮਾਨ ਜਾਰੀ ਹੋ ਗਿਆ ਹੈ। ਜਿਸ ਨਾਲ ਇਸ ਘਾਗ ਨੇਤਾ ਦੀਆਂ ਆਸਾਂ ’ਤੇ ਪਾਣੀ ਫਿਰਨ ਦਾ ਖਦਸ਼ਾ ਹੈ। ਦੂਜੇ ਪਾਸੇ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀਮਾਨ ਦੀਆਂ ਅੱਖਾਂ ’ਚ ਚਮਕ ਆ ਗਈ ਹੈ। ਇਸੇ ਕਰਕੇ ਪਿਛਲੇ ਦਿਨੀਂ ਹਰਿੰਦਰ ਹੈਰੀਮਾਨ ਨੇ ਤਾਂ ਅਬਜਰਬਰਾਂ ਦੀ ਮੌਜੂਦਗੀ ਵਿੱਚ ਦਫ਼ਤਰ ਖੋਲ੍ਹ ਕੇ ਖੁਦ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ।