ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਜੂਨ
ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਦੀ ਘਾਟ ਤੇ ਪੇਂਡੂ ਲੇਬਰ ਨਾ ਮਿਲਣ ਕਾਰਨ ਕਿਸਾਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਸਟੇਸ਼ਨਾਂ ਤੇ ਫੈਕਟਰੀਆਂ ਦੇ ਬਾਹਰ ਅਤੇ ਬਸਤੀਆਂ ਵਿੱਚ ਕਿਸਾਨਾਂ ਨੂੰ ਲੇਬਰ ਲਈ ਤਰਲੇ ਕਰਨੇ ਪੈ ਰਹੇ ਹਨ। ਮਹਿੰਗਾਈ ਦੇ ਚਲਦਿਆਂ ਮਜ਼ਦੂਰਾਂ ਵੱਲੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਲਵਾਈ ਮੰਗਣ ’ਤੇ ਕਿਸਾਨ ਚਿੰਤਤ ਹਨ।
ਹਲਕਾ ਸ਼ੁਤਰਾਣਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਪੂਸਾ 44 ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰ ਪਰਵਾਸੀ ਮਜ਼ਦੂਰਾਂ ਦੀ ਚਹਿਲ-ਪਹਿਲ ਕਿਤੇ ਦਿਖਾਈ ਨਹੀਂ ਦਿੰਦੀ। ਲੇਬਰ ਦੀ ਘਾਟ ਕਾਰਨ ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਸੰਕਟ ਦੀ ਘੜੀ ਵਿੱਚ ਇਕ ਦੂਸਰੇ ਦਾ ਸਾਥ ਦੇਣ ਲਈ ਪਿਛਲੇ ਸਮੇਂ ਤੋਂ ਝੋਨੇ ਦੀ ਲਵਾਈ ਦੇ ਚੱਲਦੇ ਭਾਅ ਔਸਤਨ 3500 ਰੁਪਏ ਦੇ ਆਸ-ਪਾਸ ਚਲਦਾ ਹੈ ਦੂਜੇ ਪਾਸੇ ਕਿਸਾਨਾਂ ਦੀਆਂ ਮੋਟਰਾਂ ’ਤੇ ਬੈਠੇ ਪਰਵਾਸੀ ਮਜ਼ਦੂਰ ਲੇਬਰ ਦੀ ਘਾਟ ਦਾ ਫ਼ਾਇਦਾ ਉਠਾਉਂਦਿਆਂ ਅਤੇ ਮਹਿੰਗਾਈ ਦਾ ਵਾਸਤਾ ਪਾ ਕੇ ਝੋਨੇ ਦੀ ਲਵਾਈ ਪ੍ਰਤੀ ਏਕੜ 5 ਹਜ਼ਾਰ ਦੇ ਕਰੀਬ ਮੰਗ ਰਹੇ ਹਨ, ਜਦੋਂਕਿ ਪੇਂਡੂ ਮਜ਼ਦੂਰਾਂ ਵਲੋਂ ਝੋਨੇ ਦੀ ਲਵਾਈ ਦਾ ਭਾਅ ਸਹੀ ਮਿਥ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਝੋਨਾ ਲਗਾਉਣ ਦੀਆਂ ਦਿੱਤੀਆਂ ਵੱਖੋ-ਵੱਖਰੀਆਂ ਤਰੀਕਾਂ ਕਾਰਨ ਇਹ ਆਸ ਸੀ ਕਿ ਸ਼ਾਇਦ ਲੇਬਰ ਦੀ ਕਮੀ ਪੂਰੀ ਹੋ ਜਾਵੇਗੀ ਪਰ ਹੋਇਆ ਉਲਟ ਹੈ। ਕਿਸਾਨਾਂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਭਰਵੇਂ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਕਿੱਲਤ ਹੋਰ ਵੀ ਵਧ ਜਾਵੇਗੀ। ਇਸ ਲਈ ਪਰਵਾਸੀ ਮਜ਼ਦੂਰਾਂ ਦੇ ਬੈਂਕ ਖਾਤਿਆਂ ’ਚ ਪੈਸੇ ਪਾ ਕੇ ਉਨ੍ਹਾਂ ਨੂੰ ਪੰਜਾਬ ਸੱਦਣ ਦੀਆ ਕੋਸ਼ਿਸ਼ਾਂ ਜਾਰੀ ਹਨ।