ਗੁਰਨਾਮ ਸਿੰਘ ਚੌਹਾਨ
ਪਾਤੜਾਂ, 10 ਨਵੰਬਰ
ਕੇਂਦਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨ ਯੂਨੀਅਨ (ਅ) ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿੱਚ ਪੰਜਾਬ-ਹਰਿਆਣਾ ਸਰਹੱਦ ਉੱਤੇ ਛੇ ਦਿਨਾਂ ਤੋਂ ਪੱਕਾ ਮੋਰਚਾ ਚੱਲ ਰਿਹਾ ਹੈ। ਬੀਜੇਪੀ, ਆਰਐੱਸਐੱਸ ਅਤੇ ਉਨ੍ਹਾਂ ਦੀਆਂ ਭਾਈਵਾਲ ਪਾਰਟੀਆਂ ਨੇ ਇਕਮੱਤ ਹੋ ਕੇ ਕਿਸਾਨ ਵਿਰੋਧੀ 3 ਕਾਲੇ ਕਨੂੰਨਾਂ ਨੂੰ ਕਿਸਾਨੀ ਨੂੰ ਖਤਮ ਕਰਨ ਦੀ ਨੀਤੀ ਤਹਿਤ ਲਾਗੂ ਕੀਤੇ ਹਨ। ਜਦੋਂ ਤੱਕ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤਕ ਉਨ੍ਹਾਂ ਦੀ ਜੱਥੇਬੰਦੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਾਰੀ ਰੱਖੇਗੀ।
ਕਿਸਾਨ ਯੂਨੀਅਨ (ਅ) ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਹੈ ਕਿ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਬੀਬਾ ਹਰਸਿਮਰਤ ਕੌਰ ਨੇ ਜਿੱਥੇ ਕਿਸਾਨ ਭਾਈਚਾਰੇ ਦਾ ਪੱਖ ਨਹੀਂ ਪੂਰਿਆ ਉਥੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨਾਗਪੁਰ ਤੋਂ ਆਏ ਕਿਸਾਨ ਵਿਰੋਧੀ ਫੁਰਮਾਨਾਂ ਨੂੰ ਮੰਨਦਿਆਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਹੱਕ ਵਿੱਚ ਬੋਲਕੇ ਕਿਸਾਨਾਂ ਵਿਰੋਧ ਬੇਇਨਸਾਫ਼ੀ ਦਾ ਝੰਡਾ ਚੁੱਕਿਆ ਸੀ। ਫਿਰ ਕਿਸਾਨਾਂ ਦੇ ਵਿਦਰੋਹ ਨੂੰ ਭਾਂਪਦਿਆਂ ਤੇ ਗਿਰਗਟ ਵਾਂਗ ਰੰਗ ਬਦਲਦਿਆਂ ਬੀਬੀ ਹਰਸਿਮਰਤ ਕੌਰ ਤੋਂ ਅਸਤੀਫਾ ਦੁਆ ਕੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਸਿਆਸੀ ਡਰਾਮਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੀ ਜ਼ਿਲ੍ਹਾ ਪਟਿਆਲਾ ਜਥੇਬੰਦੀ ਵੱਲੋਂ ਪੰਜਾਬ ਹਰਿਆਣਾ ਸਰਹੱਦ ਉੱਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਲਕਾਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਪੱਕਾ ਕਿਸਾਨ ਮੋਰਚਾ ਚੱਲ ਰਿਹਾ ਹੈ। ਉਨ੍ਹਾਂ ਨੂੰ ਕਿਸਾਨਾਂ ਦਾ ਭਾਰੀ ਸਮਰਥਨ ਵੀ ਮਿਲ ਰਿਹਾ ਹੈ। ਉਨ੍ਹਾਂ 30 ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਲਿਖਤੀ ਏਜੰਡੇ ਤੋਂ ਬਿਨਾਂ ਹਕੂਮਤ ਦੇ ਜ਼ਿੰਮੇਂਵਾਰੀ ਤੋਂ ਬਗੈਰ ਕਿਸੇ ਵੀ ਖੇਤੀਬਾੜੀ ਕਲਰਕ ਦੇ ਸੱਦੇ ਉਤੇ ਨਾ ਜਾਇਆ ਜਾਵੇ, ਸਗੋਂ ਦਿੱਲੀ ਦੇ ਹੁਕਮਰਾਨਾਂ ਨੂੰ ਸ਼ੰਭੂ ਬਾਰਡਰ ਉਤੇ ਗੱਲਬਾਤ ਕਰਨ ਮਜਬੂਰ ਕੀਤਾ ਜਾਵੇ।
ਇਸ ਮੌਕੇ ਸੱਤਪਾਲ ਸਿੰਘ ਗਰੇਵਾਲ, ਵਧਾਵਾ ਸਿੰਘ ਸਰਪੰਚ, ਕੁਲਦੀਪ ਸਿੰਘ ਸ਼ੇਰਗੜ੍ਹ, ਲਖਵਿੰਦਰ ਸਿੰਘ ਚੀਮਾ, ਰਣਜੀਤ ਸਿੰਘ ਸ਼ੁਤਰਾਣਾ, ਸੇਵਾ ਸਿੰਘ ਸ਼ੁਤਰਾਣਾ, ਜਸਵਿੰਦਰ ਸਿੰਘ ਅਤੇ ਭਜਨ ਸਿੰਘ ਮੰਡਵੀ, ਜਥੇ. ਮਹਿੰਦਰ ਸਿੰਘ ਖਾਨੇਵਾਲ, ਹਰਭਜਨ ਸਿੰਘ ਪੰਨੂ ਆਦਿ ਹਾਜ਼ਰ ਸਨ।