ਖੇਤਰੀ ਪ੍ਰਤੀਨਿਧ
ਪਟਿਆਲਾ, 10 ਫਰਵਰੀ
ਕਿਸਾਨਾਂ ਨੂੰ ਦਰੜਨ ਦੇ ਮਾਮਲੇ ’ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ਦਾ ਮਾਮਲਾ ਭਾਜਪਾ, ਪੀਐੱਲਸੀ ਅਤੇ ਅਕਾਲੀ ਦਲ (ਸੰਯੁਕਤ) ’ਤੇ ਭਾਰੂ ਪੈਂਦਾ ਨਜ਼ਰ ਆ ਰਿਹਾ ਹੈ। ਕਿਉਂਕਿ ਜ਼ਮਾਨਤ ਮਨਜ਼ੂਰ ਹੋਣ ਦੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੀ ਸੱਤਾਧਾਰੀ ਧਿਰ ਅਤੇ ਇਸ ਨਾਲ ਸਬੰਧਤ ਪਾਰਟੀਆਂ ਪੀਐੱਲਸੀ ਅਤੇ ਸੰਯੁਕਤ ਅਕਾਲੀ ਦਲ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਇੱਥੇ ਮੋਰਚੇ ਦੇ ਮੋਢੀ ਡਾ. ਦਰਸ਼ਨਪਾਲ (ਸੂਬਾਈ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ) ਨੇ ਅੱਜ ਇੱਥੇ ਬਿਆਨ ਜਾਰੀ ਕਰਕੇ ਜ਼ਮਾਨਤ ਦੀ ਕਾਰਵਾਈ ਨੂੰ ਕਿਸਾਨਾ ਦੇ ਜਖਮਾਂ ’ਤੇ ਲੂਣ ਭੁੱਕਣ ਦੇ ਤੁੱਲ ਕਰਾਰ ਦਿੱਤਾ ਹੈ। ਕਿਸਾਨ ਆਗੂ ਦਾ ਕਹਿਣਾ ਸੀ ਕਿ ਅਜਿਹੇ ਵਿਚ ਕਿਸਾਨ ਦੋਖੀ ਭਾਜਪਾ ਅਤੇ ਉਸ ਦੇ ਭਾਈਵਾਲਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਢੀਡਸਾ ਦੀ ਅਕਾਲੀ ਦਲ ( ਸੰਯੁਕਤ) ਦਾ ਪੂਰਨ ਤੌਰ ’ਤੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਬਾਈਕਾਟ ਕਰਨਾ ਚਾਹੀਦਾ ਹੈ, ਤਾਂ ਜੋ ਇਨ੍ਹਾਂ ਲੋਕ ਵਿਰੋਧੀ ਪਾਰਟੀਆਂ ਦੇ ਪੰਜਾਬ ਦੀ ਧਰਤੀ ’ਤੇ ਪੈਰ ਨਾ ਲੱਗਣ। ਉਨ੍ਹਾਂ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਅਤੇ ਉਸ ਦੇ ਭਾਈਵਾਲਾਂ ਦੇ ਆਗੂਆਂ ਦੀਆਂ ਰੈਲੀਆਂ, ਮੀਟਿਗਾਂ ਅਤੇ ਹਰ ਤਰ੍ਹਾਂ ਦੇ ਪ੍ਰਚਾਰ ਕਰਨ ਦਾ ਪਿੰਡ ਪੱਧਰ ਤੋਂ ਲੈ ਕੇ ਹਰ ਪੱਧਰ ‘ਤੇ ਵਿਰੋਧ ਕੀਤਾ ਜਾਵੇ।