ਖੇਤਰੀ ਪ੍ਰਤੀਨਿਧ
ਪਟਿਆਲਾ, 26 ਅਪਰੈਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ (ਰੌਣੀ) ਵੱਲੋਂ ਕੇ.ਵੀ.ਕੇ. ਕੈਂਪਸ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਅਧੀਨ ਕਿਸਾਨ ਮੇਲਾ ਲਾਇਆ ਗਿਆ।
ਇਹ ਮੇਲਾ ਖਾਸ ਤੌਰ ’ਤੇ ‘ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਮੁਹਿੰਮ’ ਤਹਿਤ ਕਰਵਾਇਆ ਗਿਆ। ਮੇਲੇ ’ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ ਵਿਭਾਗ, ਮੱਛੀ ਪਾਲਣ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕਰ ਕੇ ਕਿਸਾਨਾਂ ਲਈ ਪ੍ਰਦਰਸ਼ਨੀਆਂ ਲਾਈਆਂ। ਮੇਲੇ ਵਿੱਚ 400 ਕਿਸਾਨਾਂ ਅਤੇ ਬੀਬੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਕਿਸਾਨ-ਵਿਗਿਆਨੀ ਮਿਲਣੀ ਵੀ ਕਰਵਾਈ ਗਈ ਜਿਸ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨੇ ਆਏ ਹੋਏ ਕਿਸਾਨਾਂ ਨੂੰ ਤੇਲ ਬੀਜ ਫਸਲਾਂ, ਦਾਲਾਂ, ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਵੱਖ-ਵੱਖ ਉਦਮੀ ਅਤੇ ਸਫਲ ਕਿਸਾਨਾਂ ਨੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਇਸ ਮੌਕੇ ’ਤੇ ਲਗਾਈ। ਮੇਲੇ ਦੌਰਾਨ ਡਾ. ਗੁਰਪ੍ਰੀਤ ਕੌਰ, ਡਾ. ਰਜਨੀ ਗੋਇਲ, ਡਾ. ਪਰਮਿੰਦਰ ਸਿੰਘ, ਡਾ. ਰਚਨਾ ਸਿੰਗਲਾ, ਡਾ. ਹਰਦੀਪ ਸਭਿਖੀ, ਡਾ. ਗੁਰਨਾਜ਼ ਗਿੱਲ ਅਤੇ ਡਾ. ਜਸ਼ਨਜੋਤ ਕੌਰ ਨੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ਿਆਂ ’ਤੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਕਿਸਾਨਾਂ ਦੀ ਕ੍ਰਿਸ਼ੀ ਅਤੇ ਸਹਾਇਕ ਧੰਦਿਆਂ ਵਿਚ ਭਾਗੀਦਾਰੀ ਨੂੰ ਆਪਣੀ ਪ੍ਰਾਥਮਿਕਤਾ ਦੱਸਦਿਆਂ, ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਵਿਪਨ ਰਾਮਪਾਲ ਨੇ ਤੇਲ-ਬੀਜ ਅਤੇ ਦਾਲਾਂ ਦੀਆਂ ਫਸਲਾਂ ਦੀ ਕਾਸ਼ਤ ਨੂੰ ਤਰਜੀਹ ਦੇਣ ਦਾ ਸੰਦੇਸ਼ ਦਿੱਤਾ।