ਖੇਤਰੀ ਪ੍ਰਤੀਨਿਧ
ਪਟਿਆਲਾ, 1 ਜੁਲਾਈ
ਗੁਰੂ ਤੇਗ ਬਹਾਦਰ ਦੇ ਚਰਨਛੋਹ ਅਸਥਾਨ ਪਾਤਸ਼ਾਹੀ ਨੌਵੀਂ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੀ ਸਮਾਪਤੀ ਕੀਰਤਨ ਦਰਬਾਰ ਨਾਲ ਹੋਈ। ਇਸ ਸਬੰਧੀ ਅਖੰਡ ਪਾਠ ਦੇ ਭੋਗ ਵੀ ਪਾਏ ਗਏ। ਢਾਡੀ ਤੇ ਕਵੀਸ਼ਰੀ ਜਥਿਆਂ ਭਾਈ ਜੁਗਰਾਜ ਸਿੰਘ ਅਤੇ ਭਾਈ ਨਾਰੰਗ ਝੱਲੀ ਢਾਡੀ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਲਾਲ ਸਿੰਘ ਨਲੀਨੀ ਦੀ ਦੇਖ-ਰੇਖ ਹੇਠ ਕਰਵਾਏ ਗਏ ਇਨ੍ਹਾਂ ਸਮਾਗਮਾਂ ਦੌਰਾਨ ਕੀਰਤਨ ਦਰਬਾਰ ਦੇਰ ਰਾਤ ਤੱਕ ਚੱਲਿਆ। ਇਸ ਸਮਾਗਮ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ’ਤੇ ਆਧਾਰਤ ਉੱਚ ਅਹੁਦੇ ’ਤੇ ਤਾਇਨਾਤ ਡਾ. ਪਰਮਜੀਤ ਸਿੰਘ ਸਰੋਆ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਕੀਰਤਨ ਦਰਬਾਰ ਉਪਰੰਤ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਮੁਖਵਾਕ ਲੈ ਕੇ ਸੰਗਤ ਨੂੰ ਗੁਰੂ ਤੇਗ ਬਹਾਦਰ ਦੇ ਆਗਮਨ ਪੁਰਬ ਨਾਲ ਸਬੰਧਤ ਇਤਿਹਾਸ ਬਾਰੇ ਜਾਣੂ ਵੀ ਕਰਵਾਇਆ।