ਅਸ਼ਵਨੀ ਗਰਗ
ਸਮਾਣਾ, 14 ਜਨਵਰੀ
ਹਲਕਾ ਵਿਧਾਇਕ ਰਜਿੰਦਰ ਸਿੰਘ ’ਤੇ ਨਗਰ ਕੌਂਸਲ ਸਮਾਣਾ ਪੂਰੀ ਤਰ੍ਹਾਂ ਮਿਹਰਬਾਨ ਹੈ ਜਿਸ ਸਦਕਾ ਉਨ੍ਹਾਂ ਦਾ ਲੱਖਾਂ ਰੁਪਏ ਦਾ ਚੋਣ ਪ੍ਰਚਾਰ ਕੌਡੀਆਂ ਦੇ ਭਾਅ ਹੋ ਰਿਹਾ ਹੈ ਜਦੋਂ ਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਨਗਰ ਕੌਂਸਲ ਨੂੰ ਇਨ੍ਹਾਂ ਵਿਗਿਆਪਨ ਪੋਲਾਂ ਲਈ ਵੱਧ ਪੈਸਾ ਦੇਣ ਨੂੰ ਵੀ ਤਿਆਰ ਸਨ ਪ੍ਰੰਤੂ ਨਗਰ ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪੋਲਾਂ ਦੀ ਬੁਕਿੰਗ ਚੋਣ ਜ਼ਾਬਤਾ ਲੱਗਣ ਤੋਂ ਇਕ ਮਹੀਨਾ ਪਹਿਲਾਂ ਹੋ ਚੁੱਕੀ ਹੈ। ਇਸ ਕਾਰਨ ਨਗਰ ਕੌਂਸਲ ਨੂੰ ਲੱਖਾਂ ਰੁਪਏ ਦਾ ਘਾਟਾ ਪੈਣਾ ਤੈਅ ਹੈ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਚੋਣ ਜ਼ਾਬਤਾ 8 ਜਨਵਰੀ ਨੂੰ ਲੱਗਾ ਸੀ। ਚੋਣ ਜ਼ਾਬਤਾ ਲੱਗਣ ਸਾਰ ਹੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਵਿਚ ਇੱਕਦਮ ਤੇਜ਼ੀ ਲਿਆ ਦਿੱਤੀ ਗਈ। ਹਲਕਾ ਵਿਧਾਇਕ ਰਜਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਚੋਣ ਪ੍ਰਚਾਰ ਲਈ ਨਗਰ ਕੌਂਸਲ ਦੇ ਵਿਗਿਆਪਨ ਪੋਲ ਕਰੀਬ ਇਕ ਮਹੀਨਾ ਪਹਿਲਾਂ ਹੀ ਬੁੱਕ ਕਰ ਲਏ ਗਏ ਸਨ ਤੇ ਹੁਣ ਜਦੋਂ ਚੋਣ ਜ਼ਾਬਤਾ ਲੱਗ ਚੁੱਕਾ ਹੈ ਤਾਂ ਸ਼ਹਿਰ ’ਚ ਹਲਕਾ ਵਿਧਾਇਕ ਰਜਿੰਦਰ ਸਿੰਘ ਦੇ ਵੱਡੇ ਵੱਡੇ ਬੋਰਡ ਲੱਗੇ ਹੋਏ ਹਨ ਜਿਨ੍ਹਾਂ ਉੱਪਰ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਦਰਸਾਇਆ ਗਿਆ ਹੈ। ਹਾਲਾਂਕਿ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਬੋਲੀ ਰਾਹੀਂ ਇਨ੍ਹਾਂ ਵਿਗਿਆਪਨ ਪੋਲਾਂ ਤੋਂ ਲੱਖਾਂ ਰੁਪਏ ਇਕੱਠੇ ਕਰ ਸਕਦੀ ਸੀ ਪ੍ਰੰਤੂ ਨਗਰ ਕੌਂਸਲ ’ਤੇ ਸੱਤਾਧਾਰੀ ਪਾਰਟੀ ਦਾ ਕਬਜ਼ਾ ਹੋਣ ਕਾਰਨ ਤੇ ਹਲਕਾ ਵਿਧਾਇਕ ਨੂੰ ਲਾਹਾ ਪਹੁੰਚਾਉਣ ਖਾਤਰ ਨਗਰ ਕੌਂਸਲ ਵੱਲੋਂ ਇਨ੍ਹਾਂ ਪੋਲਾਂ ਨੂੰ ਬਿਨ੍ਹਾਂ ਕਿਸੇ ਟੈਂਡਰ ਜਾਂ ਬੋਲੀ ਤੋਂ ਕਾਂਗਰਸ ਪਾਰਟੀ ਲਈ ਬੁੱਕ ਕਰ ਦਿੱਤਾ ਗਿਆ। ਹੁਣ ਕਾਂਗਰਸ ਦੇ ਵਿਧਾਇਕ ਲੱਖਾਂ ਰੁਪਏ ਦਾ ਪ੍ਰਚਾਰ ਮਾਤਰ 26 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਇਨ੍ਹਾਂ ਇਸ਼ਤਿਹਾਰੀ ਬੋਰਡਾਂ ਜ਼ਰੀਏ ਕਰ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਪੁਰਾਣੀ ਤਰੀਕ ਵਿਚ ਐਂਟਰੀ ਕਰਕੇ ਕਾਂਗਰਸ ਪਾਰਟੀ ਨੂੰ ਲੱਖਾਂ ਰੁਪਏ ਦਾ ਫਾਇਦਾ ਪਹੁੰਚਾਇਆ ਹੈ।
ਅਸੀਂ ਵਧ ਪੈਸੇ ਦੇਣ ਨੂੰ ਤਿਆਰ: ਰੱਖੜਾ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਸੀਂ ਇਨ੍ਹਾਂ ਪੋਲਾਂ ਲਈ ਜ਼ਿਆਦਾ ਪੈਸੇ ਦੇਣ ਨੂੰ ਤਿਆਰ ਸੀ ਪ੍ਰੰਤੂ ਨਗਰ ਕੌਂਸਲ ਨੇ ਜਾਣਬੁੱਝ ਕੇ ਸੱਤਾਧਾਰੀ ਪਾਰਟੀ ਨੂੰ ਲਾਹਾ ਦੇਣ ਖਾਤਰ ਜਿੱਥੇ ਸਾਡੇ ਨਾਲ ਧੱਕਾ ਕੀਤਾ ਹੈ ਉੱਥੇ ਆਮ ਲੋਕਾਂ ਦਾ ਵੀ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਹੈ।
ਕੀ ਕਹਿੰਦੇ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਮੁਕੇਸ਼ ਸਿੰਗਲਾ ਨੇ ਦੱਸਿਆ ਕਿ 16 ਦਸੰਬਰ ਨੂੰ ਹੀ ਇਨ੍ਹਾਂ ਪੋਲਾਂ ਦੀ ਬੁਕਿੰਗ ਹੋ ਗਈ ਸੀ ਜਿਸ ’ਤੇ 18 ਵਾਇਆ 8 ਫੁੱਟ ਦੇ 8 ਫਲੈਕਸ 2 ਫਰਵਰੀ ਤੱਕ ਲਗਾਉਣ ਲਈ 1 ਲੱਖ 35 ਹਜ਼ਾਰ 396 ਰੁਪਏ ਲਏ ਗਏ ਹਨ। ਇਸ ਬਾਰੇ ਜਦੋਂ ਹਲਕਾ ਵਿਧਾਇਕ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।