ਖੇਤਰੀ ਪ੍ਰਤੀਨਿਧ
ਪਟਿਆਲਾ, 28 ਨਵੰਬਰ
ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਓਣ ਲਈ ਅੰਦੋਲਨ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾੜਾਂ ਮਾਰਨ ਸਣੇ ਹੋਰ ਢੰਗ ਤਰੀਕਿਆਂ ਨਾਲ਼ ਤਸ਼ੱਦਦ ਢਾਹੁਣ ’ਤੇ ਕਾਂਗਰਸ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਜਲਾਲਪੁਰ ਨੇ ਹਰਿਆਣਾ ਦੀ ਖੱਟਰ ਸਰਕਾਰ ਦੀ ਨਿੰਦਾ ਕੀਤੀ ਹੈ। ਇੱਥੇ ਜਾਰੀ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਖੱਟਰ ਦਾ ਨਾਂ ਇਤਿਹਾਸ ’ਚ ਕਾਲ਼ੇ ਅੱਖਰਾਂ ਨਾਲ਼ ਲਿਖਿਆ ਜਾਵੇਗਾ। ਕਾਂਗਰਸ ਆਗੂਆਂ ਦਾ ਤਰਕ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰਸੀ ਬਚਾਉਣ ਖ਼ਾਤਰ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਿਸਾਨਾ ’ਤੇ ਤਸ਼ੱਦਦ ਢਾਹੁਣ ਦੀ ਕਾਰਵਾਈ ਲੋਕਤੰਤਰ ਦਾ ਘਾਣ ਕਰਨ ਦੇ ਤੁੱਲ ਹੈ।
ਸ੍ਰੀ ਜਲਾਲਪੁਰ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਥੋਪਣ ਦੀ ਇਸ ਕਾਰਵਾਈ ਨੇ ਕੇਂਦਰ ਦਾ ਲੋਕ ਵਿਰੋਧੀ ਚਿਹਰਾ ਬੇਪਰਦ ਕਰ ਦਿੱਤਾ ਹੈ। ਕੇਂਦਰ ਨੂੰ ਪਤਾ ਹੈ ਕਿ ਸੱਤਰ ਫ਼ੀਸਦੀ ਲੋਕ ਕਿਸਾਨੀ ’ਤੇ ਨਿਰਭਰ ਹਨ ਤੇ ਕੇਂਦਰ ਨੇ ਪੂਰੇ ਯੋਜਨਾਬੱਧ ਢੰਗ ਨਾਲ਼ ਕਿਸਾਨੀ ’ਤੇ ਅਜਿਹੀ ਚੋਟ ਮਾਰੀ ਹੈ, ਜਿਸ ਦੀ ਚੀਸ ਸਮੁੱਚੇ ਪੰਜਾਬੀਆਂ ਨੂੰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਸਾਰੇ ਵਰਗਾਂ ਦੇ ਲੋਕ ਆਰਥਿਕ ਤੌਰ ’ਤੇ ਕੰਗਾਲ ਹੋ ਜਾਣਗੇ। ਇਸ ਕਰ ਕੇ ਮੋਦੀ ਹਕੂਮਤ ਦੀ ਇਸ ਕਾਰਵਾਈ ਨੂੰ ਲੋਕ ਮੁਆਫ਼ ਨਹੀਂ ਕਰਨਗੇ। ਵਿਧਾਇਕ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ।