ਰਵੇਲ ਸਿੰਘ ਭਿੰਡਰ
ਪਟਿਆਲਾ, 16 ਜੁਲਾਈ
ਖ਼ਾਲਸਾ ਕਾਲਜ ਪਟਿਆਲਾ ਵੱਲੋ ਮਨਾਏ ਜਾਣ ਵਾਲੇ ਤਿੰਨ ਰੋਜ਼ਾ ਡਾਇਮੰਡ ਜੁਬਲੀ ਸਮਾਗਮਾਂ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਕਾਲਜ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਕਾਲਜ ਦੀ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਕਾਲਜ ਵਿੱਚ ਹਾਜ਼ਰ ਸਟਾਫ ਤੋਂ ਇਲਾਵਾ ਬਾਕੀ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਜ਼ੂਮ ਐਪ ਦੇ ਜ਼ਰੀਏ ਸ਼ਿਰਕਤ ਕੀਤੀ।
ਸ੍ਰੀ ਰੱਖੜਾ ਨੇ ਸਾਰਿਆਂ ਨੂੰ ਕਾਲਜ ਦੇ ਡਾਇਮੰਡ ਜੁਬਲੀ ਸਮਾਗਮ ਦੀ ਵਧਾਈ ਦਿੱਤੀ ਤੇ ਕਿਹਾ ਕਿ ਮੌਜੂਦਾ ਦੌਰ ਵਿੱਚ ਖ਼ਾਲਸਾ ਕਾਲਜ ਪਟਿਆਲਾ ਦਾ ਨਾਮ ਭਾਰਤ ਦੀਆਂ ਬਿਹਤਰੀਨ ਵਿੱਦਿਅਕ ਸੰਸਥਾਵਾਂ ਵਿੱਚ ਸ਼ੁਮਾਰ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਕਾਸ ਕਾਰਜਾਂ ਵਿੱਚ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਸੁਹਿਰਦਤਾ ਅਤੇ ਦੂਰ ਅੰਦੇਸ਼ ਸੋਚ ਅਤੇ ਸਮੂਹ ਸਟਾਫ ਦੀ ਮਿਹਨਤ, ਲਗਨ ਅਤੇ ਖੋਜ ਨਾਲ ਜੁੜੇ ਹੋਣ ਵਾਲੀ ਬਿਰਤੀ ਦਾ ਵਿਸ਼ੇਸ਼ ਯੋਗਦਾਨ ਹੈ।
ਉਨ੍ਹਾਂ ਕਾਲਜ ਵੱਲੋਂ ਲਾਕਡਾਊਨ ਦੇ ਸਮੇਂ ਦੌਰਾਨ ਕੀਤੀ ਗਈ ਆਨ ਲਾਈਨ ਟੀਚਿੰਗ ਦੀ ਵਿਵਸਥਾ ਦੀ ਭਰਪੂਰ ਸ਼ਲਾਘਾ ਕੀਤੀ। ਕਾਲਜ ਪਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੇ ਸੰਬੋਧਨ ਦੌਰਾਨ ਉਨਾਂ ਸਾਰੀਆਂ ਨੇਕ ਰੂਹਾਂ ਨੂੰ ਨਮਨ ਕੀਤਾ ਜਿਨਾਂ ਦੇ ਉੱਦਮ ਸਦਕਾ ਇਹ ਸੰਸਥਾ ਹੋਂਦ ਵਿੱਚ ਆਈ। ਇਹ ਸਮਾਗਮ 18 ਜੁਲਾਈ ਨੂੰ ਕਾਲਜ ਦੇ ਸਥਾਪਨਾ ਦਿਵਸ ਤੱਕ ਜਾਰੀ ਰਹਿਣਗੇ।