ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 1 ਦਸੰਬਰ
ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਆਪਣੀ ਰਿਹਾਇਸ਼ ’ਤੇ ਪ੍ਰੋਗਰਾਮ ਦੌਰਾਨ ਹਲਕੇ ਦੇ ਲਗਭਗ 80 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 6 ਕਰੋੜ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਸ੍ਰੀ ਕੰਬੋਜ ਨੇ ਕਿਹਾ ਕਿ ਰਾਜਪੁਰਾ ਦਾ ਜਿੰਨਾ ਵਿਕਾਸ ਕਾਂਗਰਸ ਪਾਰਟੀ ਦੇ ਸਮੇਂ ਦੌਰਾਨ ਹੋਇਆ ਹੈ, ਉਨ੍ਹਾਂ ਪਿਛਲੇ 50 ਸਾਲਾਂ ਵਿੱਚ ਨਹੀਂ ਹੋਇਆ। ਜਿੰਨੇ ਵੀ ਫੰਡ ਵਿਕਾਸ ਕਾਰਜਾਂ ਲਈ ਮਿਲਦੇ ਰਹੇ ਹਨ, ਉਨ੍ਹਾਂ ਉਹ ਸਾਰੇ ਬਿਨਾਂ ਕਿਸੇ ਭੇਦਭਾਵ ਤਕਸੀਮ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲੋਕ ਪੱਖੀ ਫ਼ੈਸਲੇ ਲਏ ਜਾ ਰਹੇ ਹਨ। ਕੰਬੋਜ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਕਿਸੇ ਬਾਹਰੀ ਵਿਅਕਤੀ ਕੇਜਰੀਵਾਲ ਨੂੰ ਪੰਜਾਬ ਦੀ ਵਾਗਡੋਰ ਕਿਵੇਂ ਸੰਭਾਲੀ ਜਾ ਸਕਦੀ ਹੈ? ਉਸ ਨੂੰ ਪੰਜਾਬ ਅਤੇ ਪੰਜਾਬ ਦੇ ਹਾਲਾਤ ਬਾਰੇ ਕੀ ਗਿਆਨ ਹੈ? ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਬਾਰੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਪਹਿਲਾਂ ਦਿੱਲੀ ਵਿੱਚ ਇਹ ਸਕੀਮ ਲਾਗੂ ਕਰਨ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵਿੱਚ ਦਿੱਲੀ ’ਚ ਲੋਕਾਂ ਦੀ ਹਾਲਤ ਖ਼ਰਾਬ ਹੋ ਗਈ ਸੀ, ਉਦੋਂ ਕੇਜਰੀਵਾਲ ਕਿੱਥੇ ਸਨ? ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਸੱਦੋਮਾਜਰਾ, ਬਲਦੀਪ ਬੱਲੂ ਪੀਏ, ਚੇਅਰਮੈਨ ਸਰਬਜੀਤ ਸਿੰਘ ਮੌਜੂਦ ਸਨ।