ਸ਼ਾਹਬਾਜ਼ ਸਿੰਘ
ਘੱਗਾ, 29 ਜੂਨ
ਸਬ-ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਕਲਵਾਣੂ ਵਿੱਚ ਇੱਕ ਪਰਿਵਾਰਕ ਝਗੜੇ ਦੌਰਾਨ ਇੱਕ ਵਿਅਕਤੀ ਵੱਲੋਂ ਗੋਲੀ ਚਲਾਉਣ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਵੱਲੋਂ ਗੋਲੀ ਚਲਾਉਣ ਵਾਲੇ ਸਮੇਤ ਉਸ ਨਾਲ ਆਈਆਂ ਔਰਤਾਂ ਨੂੰ ਫੜ ਕੇ ਪੁਲੀਸ ਹਵਾਲੇ ਕੀਤੇ ਜਾਣ ਮਗਰੋਂ ਥਾਣਾ ਘੱਗਾ ਦੀ ਪੁਲੀਸ ਵੱਲੋਂ ਔਰਤਾਂ ਨੂੰ ਛੱਡ ਦਿੱਤੇ ਜਾਣ ਤੋਂ ਰੋਹ ਵਿੱਚ ਆਏ ਲੋਕਾਂ ਨੇ ਥਾਣਾ ਘੱਗਾ ਸਾਹਮਣੇ ਧਰਨਾ ਦਿੱਤਾ।
ਇਸ ਮੌਕੇ ਲੋਕਾਂ ਨੇ ਘੱਗਾ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਔਰਤਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਕਲਵਾਣੂ ਵਾਸੀ ਲਖਵਿੰਦਰ ਸਿੰਘ, ਭੀਮ ਸਿੰਘ, ਸੋਨੀ ਖਾਂ ਸਾਬਕਾ ਪੰਚ, ਸੁਖਵੀਰ ਸਿੰਘ, ਬਲਕਾਰ ਸਿੰਘ ਅਤੇ ਰੁਕਸਾਰ ਖ਼ਾਨ ਨੇ ਦੱਸਿਆ ਕਿ ਪਿੰਡ ਵਾਸੀ ਜਗਪਾਲ ਸਿੰਘ ਦੀ ਲੜਕੀ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ ਜਿਸ ਨੂੰ ਲੈ ਕੇ ਜਗਪਾਲ ਸਿੰਘ ਤੇ ਉਸਦੀ ਪਤਨੀ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ।
ਇਸ ਦੌਰਾਨ ਝਗੜੇ ਦੇ ਨਿਪਟਾਰੇ ਨੂੰ ਲੈ ਕੇ ਪਿੰਡ ਦੀ ਪੰਚਾਇਤ ਜੁੜੀ ਹੋਈ ਸੀ ਕਿ ਉਸ ਦੀ ਪਤਨੀ ਨੇ ਫੋਨ ਕਰ ਕੇ ਆਪਣੇ ਜਵਾਈ ਨੂੰ ਬੁਲਾ ਲਿਆ ਜਿਸ ਨੇ ਆਉਂਦਿਆਂ ਹੀ ਗੋਲੀ ਚਲਾ ਦਿੱਤੀ। ਉਸ ਵੱਲੋਂ ਅਚਾਨਕ ਫਾਇਰਿੰਗ ਕਰਨ ਕਰਕੇ ਹਫੜਾ-ਦਫੜੀ ਮੱਚ ਗਈ। ਗੋਲੀ ਚਲਾਉਣ ਉਪਰੰਤ ਜਦੋਂ ਵਿਅਕਤੀ ਭੱਜਣ ਲੱਗਾ ਤਾਂ ਪਿੰਡ ਵਾਸੀਆਂ ਨੇ ਉਸ ਸਮੇਤ ਨਾਲ ਆਈ ਉਸ ਦੀ ਮਾਂ, ਪਤਨੀ ਅਤੇ ਇੱਕ ਹੋਰ ਔਰਤ ਨੂੰ ਫੜਕੇ ਘੱਗਾ ਪੁਲੀਸ ਹਵਾਲੇ ਕਰ ਦਿੱਤਾ ਪਰ ਪੁਲੀਸ ਨੇ ਰਾਤ ਨੂੰ ਉਕਤ ਔਰਤਾਂ ਨੂੰ ਛੱਡ ਦਿੱਤਾ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਥਾਣਾ ਘੱਗਾ ਦੇ ਮੁਖੀ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਕੁਲਦੀਪ ਸਿੰਘ ਵਾਸੀ ਬੱਲਰਾਂ, ਅਮਰਜੀਤ ਕੌਰ ਪਤਨੀ ਮਿੱਠੂ ਸਿੰਘ, ਹਰਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ, ਕੁਲਵਿੰਦਰ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਫਤਿਹਮਾਜਰੀ ਅਤੇ ਸ਼ੀਪਾ ਵਾਸੀ ਪਾਤੜਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਵਿੱਚ ਸਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।