ਨਿੱਜੀ ਪੱਤਰ ਪ੍ਰੇਰਕ
ਸਮਾਣਾ, 23 ਜੁਲਾਈ
ਸਮਾਣਾ ਪੁਲੀਸ ਨੇ ਆਪਣੇ ਹੀ ਛੋਟੇ ਭਰਾ ਦਾ ਕਤਲ ਕਰਨ ਵਾਲੇ ਪਰਮਜੀਤ ਸਿੰਘ ਅਤੇ ਉਸ ਦੇ ਦੋਵੇਂ ਸਾਥੀਆਂ ਹਰਵਿੰਦਰ ਸਿੰਘ ਤੇ ਹਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਸਮਾਣਾ ਸੌਰਵ ਗਰਗ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਰਮਜੀਤ ਸਿੰਘ ਆਪਣੇ ਭਰਾ ਗੁਰਲਾਲ ਸਿੰਘ ਦੀ ਪਤਨੀ ’ਤੇ ਮਾੜੀ ਨਜ਼ਰ ਰੱਖਦਾ ਸੀ, ਜਿਸ ਬਾਰੇ ਗੁਰਲਾਲ ਸਿੰਘ ਨੂੰ ਪਤਾ ਲੱਗ ਗਿਆ। ਉਸ ਨੇ ਭਰਾ ਪਰਮਜੀਤ ਸਿੰਘ ਨੂੰ ਆਪਣੀ ਪਤਨੀ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਸੀ। ਇਸ ਰੰਜਿਸ਼ ਕਰ ਕੇ ਪਰਮਜੀਤ ਸਿੰਘ ਆਪਣੀ ਦੋ ਸਾਥੀਆਂ ਹਰਵਿੰਦਰ ਸਿੰਘ ਅਤੇ ਹਰਜੀਤ ਸਿੰਘ ਨਾਲ ਮਿਲ ਕੇ ਪਰਮਜੀਤ ਸਿੰਘ ਨੂੰ ਗੱਲਾਂ ਵਿੱਚ ਲਗਾ ਕੇ ਭਾਖੜਾ ਨਹਿਰ ਤੱਕ ਲੈ ਗਿਆ ਅਤੇ ਉੱਥੇ ਜਾ ਕੇ ਉਸ ਨੂੰ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਕਰ ਕੇ ਪਾਣੀ ਵਿੱਚ ਡੁਬੋ ਕੇ ਮਾਰਨ ਦਾ ਯਤਨ ਕੀਤਾ ਤੇ ਫਿਰ ਇਸ ਨੂੰ ਹਾਦਸਾ ਦਿਖਾਉਣ ਲਈ ਉਸ ਨੂੰ ਸੜਕ ਵਿਚਾਲੇ ਲਿਟਾ ਕੇ ਉਸ ਉੱਪਰੋਂ ਗੱਡੀ ਲੰਘਾ ਦਿੱਤੀ, ਜਿਸ ਨਾਲ ਪਰਮਜੀਤ ਦੀ ਮੌਤ ਹੋ ਗਈ।
ਪੁਲੀਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਪਰਮਜੀਤ ਸਿੰਘ ਅਤੇ ਉਸ ਦੇ ਦੋਵੇਂ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਮੁਲਜ਼ਮਾਂ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕਰਨ ਦਾ ਯਤਨ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।