ਰਵੇਲ ਸਿੰਘ ਭਿੰਡਰ
ਪਟਿਆਲਾ, 13 ਦਸੰਬਰ
ਇੱਥੇ ਅਰਬਨ ਅਸਟੇਟ ਫੇਜ਼-3 ਤੋਂ ਘਨੌਰ ਦੇ ਕਬੱਡੀ ਖਿਡਾਰੀਆਂ ਦਾ ਜਥਾ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਜਿਸ ਨੂੰ ਵਿਸ਼ਵ ਚੈਂਪੀਅਨ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੇ ਰਵਾਨਾ ਕੀਤਾ। ਇੰਜ ਹੀ ਪਟਿਆਲਾ ’ਚੋਂ ਵੀ ਕਬੱਡੀ ਖਿਡਾਰੀਆਂ ਦਾ ਜਥਾ ਦਿੱਲੀ ਵੱਲ ਰਵਾਨਾ ਹੋਇਆ। ਇਸ ਮੌਕੇ ਕਬੱਡੀ ਦੇ ਨਾਮੀ ਖਿਡਾਰੀ ਤੇ ਵਿਸ਼ਵ ਚੈਂਪੀਅਨ ਗੁਰਲਾਲ ਘਨੌਰ ਨੇ ਦਿੱਲੀ ਵੱਲ ਜਥੇ ਨੂੰ ਰਵਾਨਾ ਕਰਨ ਮੌਕੇ ਆਖਿਆ ਕਿ ਕਬੱਡੀ ਖਿਡਾਰੀ ਵੀ ਕਿਸਾਨਾਂ ਦੇ ਪੁੱਤਰ ਹਨ। ਇਸ ਕਰਕੇ ਕਬੱਡੀ ਖਿਡਾਰੀਆਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਕਿਸਾਨਾਂ ਨਾਲ ਸੰਕਟ ਦੀ ਘੜੀ ’ਚ ਖੜ੍ਹਨ।
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਪਿੰਡ ਕੰਗਣਵਾਲ ਤੋਂ ਸਰਪੰਚ ਰੁਪਿੰਦਰ ਸਿੰਘ ਪਿੰਦੂ, ਬਲਾਕ ਸਮਿਤੀ ਮੈਂਬਰ ਕਮਲ ਸਿੰਘ ਅਤੇ ਪ੍ਰਧਾਨ ਜਸਵੰਤ ਸਿੰਘ ਗੋਲੂ ਦੀ ਅਗਵਾਈ ਵਿੱਚ ਅੱਜ ਕਿਸਾਨੀ ਸੰਘਰਸ਼ ਦਿੱਲੀ ਲਈ ਰਾਸ਼ਨ ਲੈ ਕੇ ਜਥਾ ਰਵਾਨਾ ਕੀਤਾ ਗਿਆ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਉੱਤੇ ਚੱਲ ਰਹੇ ਸ਼ਾਂਤਮਈ ਅੰਦੋਲਨ ਵਿੱਚ ਪਾਰਟੀਆਂ, ਜਥੇਬੰਦੀਆਂ, ਸੰਗਠਨਾਂ ਦੇ ਆਗੂਆਂ ਤੇ ਕਿਸਾਨਾਂ ਵੱਲੋਂ ਪਹੁੰਚਣਾ ਜਾਰੀ ਹੈ। ਅੱਜ ਪਾਤੜਾਂ ਤੋਂ ਐੱਸਜੀਪੀਸੀ ਦੇ ਮੈਂਬਰ ਨਿਰਮਲ ਸਿੰਘ ਹਰਿਆਊ ਦੀ ਅਗਵਾਈ ਵਿੱਚ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਤੇ ਦੁਕਾਨਦਾਰਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਦਿੱਲੀ ’ਚ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਅੱਜ ਪਿੰਡ ਭੂਦਨ ਦਾ ਦਲਿਤ ਨੌਜਵਾਨ ਸਤਵਿੰਦਰ ਸਿੰਘ (35) ਪੁੱਤਰ ਸਾਧੂ ਸਿੰਘ ਆਪਣੇ ਸਾਈਕਲ ‘ਤੇ ਰਵਾਨਾ ਹੋਇਆ। ਸਤਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਮਜ਼ਦੂਰੀ ਕਰਕੇ ਪਾਲ ਰਿਹਾ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦਾ ਗੂੜ੍ਹਾ ਰਿਸ਼ਤਾ ਹੋਣ ਕਰਕੇ ਉਹ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਸ ਨੇ ਦੱਸਿਆ ਕਿ ਉਹ ਮੋਰਚੇ ਦੀ ਸਮਾਪਤੀ ਤੱਕ ਦਿੱਲੀ ਮੋਰਚੇ ‘ਚ ਹੀ ਰਹੇਗਾ। ਦਿੱਲੀ ਰਵਾਨਾ ਹੋਣ ਮੌਕੇ ਸਤਵਿੰਦਰ ਸਿੰਘ ਦੀ ਚੜ੍ਹਦੀ ਕਲਾ ਤੇ ਮੋਰਚੇ ਦੀ ਸਫਲਤਾ ਲਈ ਭਾਈ ਗੁਰਚਰਨ ਸਿੰਘ ਨੇ ਅਰਦਾਸ ਕੀਤੀ।
ਮੁਲਾਜ਼ਮ ਵੀ ਲੈਣਗੇ ਕਿਸਾਨੀ ਘੋਲ ਵਿੱਚ ਹਿੱਸਾ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਇੱਥੋਂ ਦੇ ਜੰਗਲਾਤ ਕਾਮਿਆਂ ਸਮੇਤ ਕਈ ਸਾਰੇ ਵਿਭਾਗਾਂ ਦੇ ਕਾਮੇ ਸਿੰਘੂ ਬਾਰਡਰ ’ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਅੱਜ ਰਵਾਨਾ ਹੋਏ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਜੰਗਲਾਤ ਕਾਮਿਆਂ ਤੇ ਜਲ ਸਪਲਾਈ ਕਾਮਿਆਂ ਨੇ ਇੱਥੋਂ ਬੱਸ ਭਰ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਚਾਲੇ ਪਾਏ। ਮਾਰਚ ਦੀ ਅਗਵਾਈ ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੌਲਖਾ ਦੀਪ ਚੰਦ ਹੰਸ, ਮਾਧੋ ਲਾਲ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਸੁਰਜਪਾਲ ਯਾਦਵ, ਤਰਲੋਚਨ ਸਿੰਘ ਮਾੜੂ, ਬਲਵਿੰਦਰ ਸਿੰਘ, ਤਰਲੋਚਨ ਸਿੰਘ ਮੰਡੌਲੀ, ਪ੍ਰਕਾਸ਼ ਸਿੰਘ ਲੁਬਾਣਾ, ਸੱਤ ਨਰਾਇਣ ਗੋਲੀ, ਅਮਰਜੀਤ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ, ਸ਼ਾਮ ਸਿੰਘ, ਦਪਿੰਦਰ ਸਿੰਘ ਮਹੰਤ, ਤੇਜਾ ਸਿੰਘ, ਬਲਬੀਰ ਸਿੰਘ, ਰਚਨਾ ਸਿੰਘ, ਪ੍ਰਵੀਨ ਸਿੰਘ ਤੇ ਸ਼ਾਮ ਸਰੂਪ ਆਦਿ ਆਗੂਆਂ ਨੇ ਕੀਤੀ।
ਜਮੀਅਤ-ਏ-ਉਲੇਮਾ ਦਾ ਕਾਫ਼ਲਾ ਦਿੱਲੀ ਰਵਾਨਾ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਇੱਥੇ ਸਰਹੰਦੀ ਗੇਟ ’ਚ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਲਈ ਜਮੀਅਤ-ਏ-ਉਲੇਮਾ-ਹਿੰਦ ਦੇ ਸੂਬਾਈ ਪ੍ਰਧਾਨ ਹਜ਼ਰਤ ਮੌਲਾਨਾ ਮੁਹੰਮਦ ਖਲੀਲ ਕਾਸਮੀ ਮੁਫ਼ਤੀ ਆਜ਼ਮ ਨੇ ਗੱਡੀਆਂ ਦਾ ਕਾਫ਼ਲਾ ਦਿੱਲੀ ਦੇ ਕੁੰਡਲੀ ਬਾਰਡਰ ਲਈ ਰਵਾਨਾ ਕੀਤਾ। ਹਜ਼ਰਤ ਮੌਲਾਨਾ ਨੇ ਕੇਂਦਰ ਦੀ ਮੋਦੀ ਸਰਕਾਰ ਪਹਿਲੇ ਦਿਨ ਤੋਂ ਘੱਟ ਗਿਣਤੀਆਂ ਨਾਲ ਵਿਤਕਰਾ ਕਰਦੀ ਆ ਰਹੀ ਹੈ ਅਤੇ ਹੁਣ ਉਸ ਨੇ ਕਿਸਾਨਾਂ ਨੂੰ ਆਪਣਾ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਕੋਈ ਵੀ ਗ਼ੈਰਤਮੰਦ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ।