ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਦਸੰਬਰ
ਤਨਖ਼ਾਹ ਵਧਾਉਣ ਅਤੇ ਨੀਟ ਟੈਸਟ ਤਹਿਤ ਜਲਦੀ ਕੌਂਸਲਿੰਗ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਗੌਰਮਿੰਟ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰਾਂ ਨੇ ਅੱਜ ਆਪਣੀ ਹੜਤਾਲ ਵਾਪਸ ਲੈ ਲਈ ਹੈ। ਇਸ ਦੌਰਾਨ ਭਾਵੇਂ ਮੈਨੇਜਮੈਂਟ ਵੱਲੋਂ ਦਬਵੀਂ ਆਵਾਜ਼ ਵਿੱਚ ਤਨਖਾਹਾਂ ’ਚ ਵਾਧੇ ਸਬੰਧੀ ਭਰੋਸਾ ਵੀ ਦਿੱਤਾ ਗਿਆ ਹੈ, ਪਰ ਮੁੱਖ ਤੌਰ ’ਤੇ ਇਨ੍ਹਾਂ ਜੂਨੀਅਰ ਡਾਕਟਰਾਂ ਨੇ ਆਪਣੀ ਹੜਤਾਲ ਲੋਕਾਂ ਦੀ ਮੁਸ਼ਕਲ ਨੂੰ ਮੁੱਖ ਰੱਖਦਿਆਂ ਵਾਪਸ ਲਈ ਹੈ। ਭਾਵੇਂ ਅਜੇ ਵੀ ਨਰਸਿੰਗ ਸਟਾਫ਼ ਅਤੇ ਹੋਰ ਮੁਲਾਜ਼ਮਾਂ ਦੇ ਹੜਤਾਲ ’ਤੇ ਹੋਣ ਕਾਰਨ ਮੁਸ਼ਕਲਾਂ ਬਰਕਰਾਰ ਹਨ, ਪਰ ਜੂਨੀਅਰ ਡਾਕਟਰਾਂ ਵੱਲੋਂ ਡਿਊਟੀਆਂ ਸੰਭਾਲਣ ਨਾਲ ਵੀ ਲੋਕਾਂ ਨੂੰ ਕੁਝ ਰਾਹਤ ਮਿਲੇਗੀ।
ਜ਼ਿਕਰਯੋਗ ਹੈ ਕਿ ਮਾਲਵੇ ਦੇ ਇਸ ਵੱਡੇ ਹਸਪਤਾਲ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਰੋਜ਼ਾਨਾ ਹਜ਼ਾਰਾਂ ਮਰੀਜ਼ ਆਉਂਦੇ ਹਨ। ਗਾਇਨੀ ਤੇ ਹੋਰ ਵਾਰਡਾਂ ਵਿਚਲੇ ਮਰੀਜ਼ਾਂ ਦੇ ਵੀ ਰੋਜ਼ਾਨਾ ਹੀ ਦਰਜਨਾਂ ਅਪਰੇਸ਼ਨ ਹੁੰਦੇ ਹਨ ਪਰ ਹੜਤਾਲ ਕਾਰਨ ਇਨ੍ਹਾਂ ਕੰਮਾਂ ’ਚ ਖੜੋਤ ਆ ਗਈ ਸੀ। ਮਰੀਜ਼ਾਂ ਨੂੰ ਹੋਰਨਾਂ ਜਾਂ ਪ੍ਰ੍ਰਾਈਵੇਟ ਹਸਪਤਾਲਾਂ ’ਚ ਜਾਣਾ ਪੈ ਰਿਹਾ ਸੀ ਪਰ ਅੱਜ ਜੂਨੀਅਰ ਡਾਕਟਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ।
ਇਸ ਮੌਕੇ ਜੂਨੀਅਰ ਡਾਕਟਰਾਂ ਦੀ ਜਥੇਬੰਦੀ ਦੇ ਪ੍ਰਧਾਨ ਪ੍ਰਭਸਿਮਰਨ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ, ਪਰ ਹੜਤਾਲ ਦੌਰਾਨ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਵੇਖਦਿਆਂ ਜੂਨੀਅਰ ਡਾਕਟਰਾਂ ਨੇ ਅੱਜ ਆਪਣੀ ਹੜਤਾਲ ਵਾਪਸ ਲੈ ਲਈ ਹੈ।
ਹੜਤਾਲੀ ਮੁਲਾਜ਼ਮਾਂ ਵੱਲੋਂ ਰਾਜਿੰਦਰਾ ਹਸਪਤਾਲ ’ਚ ਰੋਸ ਮਾਰਚ
ਪਟਿਆਲਾ (ਸਰਬਜੀਤ ਸਿੰਘ ਭੰਗੂ): ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਕਰ ਰਹੇ ਰਾਜਿੰਦਰਾ ਹਸਪਤਾਲ, ਟੀ ਬੀ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਅਤੇ ਡੈਂਟਲ ਕਾਲਜ ਦੇ ਦਰਜਾ ਚਾਰ (ਰੈਗੂਲਰ, ਕੰਟਰੈਕਟ, ਮਲਟੀ-ਟਾਸਕ ਅਤੇ ਆਊਟਸੋਰਸ) ਕਰਮਚਾਰੀਆਂ ਵੱਲੋਂ ਰਾਜਿੰਦਰਾ ਹਸਪਤਾਲ ਕੰਪਲੈਕਸ ਵਿੱਚ ਰੈਲੀ ਮਗਰੋਂ ਰੋਸ ਮਾਰਚ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਵੱੱਲੋਂ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰਾਮ ਕਿਸ਼ਨ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਸਮੇਤ ਹੋਰ ਆਗੂਆਂ ਨੇ ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ, ਰਾਜਿੰਦਰਾ ਹਸਪਤਾਲ ਦੇ ਕਰਮਚਾਰੀਆਂ ਦੀਆਂ ਨਵੇਂ ਪੇਅ ਕਮਿਸ਼ਨ ਅਨੁਸਾਰ ਤਨਖਾਹਾਂ ਜਲਦੀ ਤਨਖਾਹਾਂ ਫਿਕਸ ਕਰਵਾਉਣ, ਕਰੋਨਾ ਯੋਧਿਆਂ ਨੂੰ ਵਿਭਾਗ ਵਿੱਚ ਮਰਜ਼ ਕਰਨ ਅਤੇ ਪੁਨਰਗਠਨ ਦੌਰਾਨ ਖਤਮ ਕੀਤੀਆਂ ਅਸਾਮੀਆਂ ਬਹਾਲ ਕਰਨ ਸਮੇਤ ਕਈ ਹੋਰ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਅਜੈ ਕੁਮਾਰ ਸੀਪਾ, ਅਮਨ ਕੁਮਾਰ, ਗੁਰਲਾਲ ਸਿੰਘ, ਕਿਸ਼ੋਰ ਕੁਮਾਰ ਟੋਨੀ, ਪ੍ਰਦੀਪ ਕੁਮਾਰ, ਗੁਰਵਿੰਦਰ ਮੱਟੂ, ਵਿਕਾਸ ਮੱਟੂ, ਹਰਿੰਦਰ ਕੌਰ ਅਤੇ ਕਾਜਲ ਟਾਂਕ ਹਾਜ਼ਰ ਸਨ।
ਬਹੁਤੇ ਮੁਲਾਜ਼ਮਾਂ ਦੇ ਹੜਤਾਲ ’ਤੇ ਹੋਣ ਕਾਰਨ ਮੁਸ਼ਕਲਾਂ ਬਰਕਰਾਰ
ਪ੍ਰੋਬੇਸ਼ਨਰ ਪੀਰੀਅਡ ਵਾਲੇ ਮੁਲਾਜ਼ਮਾਂ ਵੱਲੋਂ ਡਿਊਟੀਆਂ ਸੰਭਾਲ ਲੈਣ ਅਤੇ ਜੂਨੀਅਰ ਡਾਕਟਰਾਂ ਵੱੱਲੋਂ ਹੜਤਾਲ ਵਾਪਸ ਲੈਣ ਕਾਰਨ ਭਾਵੇਂ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਹਾਲਾਤ ’ਚ ਕੁਝ ਕੁ ਸੁਧਾਰ ਹੋਇਆ ਹੈ ਪਰ ਇੱਥੋਂ ਦੇ ਬਹੁਤੇ ਗਿਣਤੀ ਮੁਲਾਜ਼ਮਾਂ ਦੀ ਹੜਤਾਲ ਅਜੇ ਜਾਰੀ ਹੋਣ ਕਾਰਨ ਮਰੀਜ਼ਾਂ ਲਈ ਮੁਸ਼ਕਲਾਂ ਅਜੇ ਵੀ ਬਰਕਰਾਰ ਹਨ। ਨਵੇਂ ਪੇਅ ਸਕੇਲ ਮੁਤਾਬਿਕ ਤਨਖਾਹਾਂ ਦੇਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਰੈਗੂਲਰ ਨਰਸਿੰਗ ਸਟਾਫ਼ ਦੇ ਸੈਂਕੜੇ ਹੀ ਮੁਲਾਜ਼ਮ ਅਜੇ ਵੀ ਹੜਤਾਲ ’ਤੇ ਹਨ ਜਦਕਿ ਕੰਟਰੈਕਟ ਆਧਾਰਿਤ ਨਰਸਿੰਗ ਅਤੇ ਹੋਰ ਸਟਾਫ਼ ਸਮੇਤ ਚੌਥਾ ਦਰਜਾ ਮੁਲਾਜ਼ਮਾਂ ਅਤੇ ਸਫ਼ਾਈ ਸੇਵਕਾਂ ਦੀ ਹੜਤਾਲ ਵੀ ਜਾਰੀ ਹੈ। ਆਊਟਸੋਰਸਿੰਗ ਮੁਲਾਜ਼ਮ ਵੀ ਹੜਤਾਲ ’ਤੇ ਡਟੇ ਹੋਏ ਹਨ। ਉੱਧਰ, ਹੜਤਾਲੀ ਸਿਹਤ ਮੁਲਾਜ਼ਮ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਹੜਤਾਲ ’ਤੇ ਰਹਿਣ ਲਈ ਬਜ਼ਿੱਦ ਹਨ।