ਖੇਤਰੀ ਪ੍ਰਤੀਨਿਧ
ਪਟਿਆਲਾ, 29 ਅਗਸਤ
ਕੇਂਦਰ ਦੀ ਸੰਸਥਾ ਵਿਗਿਆਨ ਪ੍ਰਸਾਰ ਵੱਲੋਂ 22 ਤੋਂ 26 ਅਗਸਤ ਤੱਕ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਕਰਵਾਏ ਗਏ 12ਵੇਂ ਨੈਸ਼ਨਲ ਸਾਇੰਸ ਫਿਲਮ ਫੈਸਟੀਵਲ ਆਫ ਇੰਡੀਆ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵੱਲੋਂ ਬਾਇਓ ਗੈਸ ਉਤਪਾਦਨ ਉੱਤੇ ਬਣਾਈ ਗਈ ਦਸਤਾਵੇਜ਼ੀ ਫਿਲਮ ‘ਮਲ ਸੇ ਨਿਰਮਲ ਕੀ ਓਰ’ ਨੇ ‘ਆਊਟ ਆਫ ਦਿ ਬਾਕਸ’ ਸ਼੍ਰੇਣੀ ਵਿੱਚ ‘ਬ੍ਰਾਂਜ਼ ਬੀਵਰ ਐਵਾਰਡ’ ਹਾਸਲ ਕੀਤਾ ਹੈ। ਦੇਸ਼ ਦੇ ਵੱਖ- ਵੱਖ ਕੋਨਿਆਂ ਤੋਂ ਪ੍ਰਾਪਤ ਹੋਈਆਂ 250 ਫਿਲਮਾਂ ਵਿੱਚੋਂ ਇਸ ਫਿਲਮ ਫੈਸਟੀਵਲ ਵਿੱਚ ਸਕ੍ਰੀਨਿੰਗ ਲਈ 71 ਫ਼ਿਲਮਾਂ ਨੂੰ ਸ਼ਾਮਲ ਕੀਤਾ ਗਿਆ। ਫਿਲਮ ਦਾ ਨਿਰਦੇਸ਼ਨ ਵਿਭਾਗ ਦੇ ਐੱਮਏ ਭਾਗ ਦੂਜਾ ਦੇ ਵਿਦਿਆਰਥੀ ਸੰਦੀਪ ਸਿੰਘ ਨੇ ਕੀਤਾ ਸੀ। ਸੰਪਾਦਨ, ਸਿਨੇਮੈਟੋਗਰਾਫ਼ੀ ਆਦਿ ਦਾ ਕਾਰਜ ਤਨਕੀਨੀ ਮਾਹਿਰ ਅਮਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਫ਼ਿਲਮ ਦਾ ਵਾਇਸ-ਓਵਰ ਵਿਦਿਆਰਥੀ ਲਵਪ੍ਰੀਤ ਕੌਰ ਵੱਲੋਂ ਕੀਤਾ ਗਿਆ। ਸਾਢੇ ਸੱਤ ਮਿੰਟਾਂ ਦੀ ਇਸ ਫਿਲਮ ਵਿੱਚ ਗਊਆਂ-ਮੱਝਾਂ ਦੇ ਗੋਹੇ ਤੋਂ ਵੱਡੇ ਪੱਧਰ ਉੱਤੇ ਬਣਾਈ ਜਾਂਦੀ ਬਾਓ-ਗੈਸ ਨੂੰ ਤਿਆਰ ਕਰਨ ਦੀ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵਿਭਾਗ ਦੇ ਮੁਖੀ ਡਾ. ਹੈਪੀ ਜੇਜੀ ਨੇ ਵਿਭਾਗ ਦੀ ਇਸ ਪ੍ਰਾਪਤੀ ਉੱਤੇ ਪ੍ਰਾਜੈਕਟ ਨਾਲ ਜੁੜੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।