ਰਵੇਲ ਸਿੰਘ ਭਿੰਡਰ
ਪਟਿਆਲਾ, 6 ਜਨਵਰੀ
ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਦਫ਼ਤਰ ਅੱਗੇ ਪੰਜਾਬੀ ਯੂਨੀਵਰਸਿਟੀ ਟੀਚਰਜ ਐਸੋਸ਼ੀਏਸ਼ਨ (ਪੂਟਾ), ਏ-ਕਲਾਸ ਆਫੀਸਰਜ਼ ਐਸੋਸ਼ੀਏਸ਼ਨ ਅਤੇ ਪੈਨਸ਼ਨਰ ਐਸੋਸ਼ੀਏਸ਼ਨ ਵਲੋਂ ਸਾਂਝੇ ਤੌਰ ‘ਤੇ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਅੱਜ 114ਵੇਂ ਦਿਨ ਵੀ ਰੋਸ ਧਰਨਾ ਦਿੱਤਾ ਗਿਆ। ਐਕਸ਼ਨ ਕਮੇਟੀ ਨੇ ਯੂਨੀਵਰਸਿਟੀ ਦੀ ਪੰਜਾਬ ਸਰਕਾਰ ਨਾਲ ਗਰਾਂਟ ਮੁਤੱਲਕ ਪਿਛਲੇ ਦਿਨੀਂ ਹੋਈ ਦੁਵੱਲੀ ਗੱਲਬਾਤ ਦੇ ਬੇਸਿੱਟਾ ਰਹਿਣ ਬਾਰੇ ਵੀ ਖੁਲਾਸਾ ਕੀਤਾ ਹੈ।ਧਰਨੇ ਦੌਰਾਨ ਮੁਲਾਜ਼ਮ ਮੰਗਾਂ ਤੇ ਯੂਨੀਵਰਸਿਟੀ ਦੇ ਵਿੱਤੀ ਮਾਮਲਿਆਂ ‘ਤੇ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਖੁੱਲਕੇ ਨੁਕਤਾਚੀਨੀ ਕੀਤੀ ਗਈ।ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਆਖਿਆ ਕਿ ਬੀਤੇ ਦਿਨ ਯੂਨੀਵਰਸਿਟੀ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਕਿਉਂਕਿ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਲਈ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਨਾ ਹੀ ਕੋਈ ਇਸ ਤਰੀਕੇ ਦਾ ਐਲਾਨ ਕੀਤਾ ਹੈ। ਉਨਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ-ਚਾਂਸਲਰ ਯੂਨੀਵਰਸਿਟੀ ਨੂੰ ਵਿੱਤੀ ਗਰਾਂਟ ਦੁਆਉਣ ਵਿਚ ਅਸਫਲ ਰਹੇ ਜਿਸਦਾ ਨਤੀਜਾ ਇਹ ਹੈ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਦੀ ਅਦਾਇਗੀ ਸਮੇਂ ਸਿਰ ਨਹੀਂ ਹੋ ਰਹੀ ਅਤੇ ਉਨ੍ਹਾਂ ਨੂੰ ਆਪਣੇ ਇਸ ਅਧਿਕਾਰ ਦੀ ਪ੍ਰਾਪਤੀ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ ।
ਵਿਦਿਆਰਥੀਆਂ ਵੱਲੋਂ ਡੀਨ ਦੇ ਦਫਤਰ ਅੱਗੇ ਧਰਨਾ
ਪਟਿਆਲਾ, (ਨਿਜੀ ਪੱਤਰ ਪ੍ਰੇਰਕ):ਪੰਜਾਬੀ ਯੂਨੀਵਰਸਿਟੀ ਨੇ ਹੋਮੀ ਭਾਭਾ ਹੋਸਟਲ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨਾ ਪੂਰੀਆਂ ਹੋਣ ਤੇ ਡੀਨ ਦਫਤਰ ਅੱਗੇ ਧਰਨਾ ਲਾਇਆ। ਇਸ ਮੌਕੇ ਹੋਸਟਲ ਦੇ ਮੈਸ ਸੈਕਟਰੀ ‘ਸਟੂਡੈਂਟ’ ਖਲੀਲ ਖਾਂ ਨੇ ਕਿਹਾ ਕਿ ਹੋਸਟਲ ਦੇ ਵਾਰਡਨ ਵਲੋਂ ਪਿਛਲੇ ਕਈ ਹਫਤਿਆਂ ਤੋਂ ਬਿਲਾਂ ਤੇ ਦਸਤਖਤ ਨਹੀਂ ਕੀਤੇ ਜਿਸ ਸਦਕਾ ਸਾਰਿਆਂ ਪੈਮੇਂਟਾਂ ਰੁਕੀਆਂ ਹੋਈਆਂ ਹਨ ਤੇ ਹੋਸਟਲ ਦੀ ਮੈਸ ਬੰਦ ਹੋਣ ਕਿਨਾਰੇ ਅਤੇ ਨਾ ਹੀ ਹੋਸਟਲ ਦੇ ਵਰਕਰਾਂ ਨੂੰ ਦੋ ਮਹੀਨਿਆਂ ਦੀ ਤਨਖਾਹ ਮਿਲੀ। ਖਲੀਲ ਖਾਂ ਨੇ ਕਿਹਾ ਕਿ ਇਸ ਸਬੰਧੀ ਸਾਰੀ ਮੈਸ ਕਮੇਟੀ ਪਿਛਲੇ 15 ਦਿਨਾਂ ਤੋਂ ਕਦੀ ਪ੍ਰਵੋਸਟ ਦਫਤਰ, ਡੀਨ ਦਫਤਰ ਤੇ ਰਜਿਸਟਰਾਰ ਕੋਲ ਲਗਾਤਾਰ ਚੱਕਰ ਮਾਰ ਰਹੇ ਹਨ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਅੱਜ ਆਖ਼ਿਰ ਅੱਕਕੇ ਰੋਸ ਧਰਨੇ ਵਾਲਾ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹੈ।ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਉਪ ਕੁਲਪਤੀ ਦੇ ਦਫਤਰ ਅੱਗੇ ਧਰਨਾ ਦੇਣਗੇ।