ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਭਰ ਵਿੱਚ ਸਥਿਤ 50 ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਭਰਤੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਭਰਤੀ ਮੁਹਿੰਮ ‘ਰੁਜ਼ਗਾਰ ਮੇਲੇ’ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਵਿੱਚ 75,000 ਤੋਂ ਵੱਧ ਨਿਯੁਕਤੀ ਪੱਤਰ ਸੌਂਪੇ ਗਏ। ਪ੍ਰਧਾਨ ਮੰਤਰੀ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲਿਆਂ ਨੂੰ ਵਰਚੁਅਲੀ ਸੰਬੋਧਨ ਕੀਤਾ। ਪੰਜਾਬ ਵਿੱਚ ਇਹ ਮੈਗਾ ਈਵੈਂਟ ਪਟਿਆਲਾ ਲੋਕੋਮੋਟਿਵ ਵਰਕਸ (ਪੀਐਲਡਬਲਿਊ), ਪਟਿਆਲਾ ਅਤੇ ਰੇਲ ਕੋਚ ਫ਼ੈਕਟਰੀ (ਆਰਸੀਐਫ), ਕਪੂਰਥਲਾ ਵਿੱਚ ਕਰਵਾਇਆ ਗਿਆ। ਪੀ.ਐੱਲ.ਡਬਲਿਊ., ਪਟਿਆਲਾ ਵਿਖੇ ਲਗਾਏ ਗਏ ‘ਰੁਜ਼ਗਾਰ ਮੇਲੇ’ ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ ਅਤੇ ਆਸ ਪਾਸ ਦੇ ਖੇਤਰਾਂ ਦੇ ਨਵੇਂ ਭਰਤੀ ਹੋਏ ਲੋਕਾਂ ਨੂੰ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਨਵ-ਨਿਯੁਕਤ ਵਿਅਕਤੀਆਂ ਨੂੰ ਪੀਐਲਡਬਡਬਲਿਊ ਪਟਿਆਲਾ, ਈਐਸਆਈਸੀ, ਡਾਕ ਵਿਭਾਗ, ਬੀਐਸਐਫ, ਐਸਐਸਬੀ ਅਤੇ ਵੱਖ-ਵੱਖ ਰਾਸ਼ਟਰੀ ਬੈਂਕਾਂ ਵਿੱਚ ਨਿਯੁਕਤੀ ਦਿੱਤੀ ਗਈ।
ਇਹ ਭਰਤੀ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਵੱਲੋਂ ਖ਼ੁਦ ਅਤੇ ਭਰਤੀ ਏਜੰਸੀਆਂ ਜਿਵੇਂ ਕਿ ਯੂਪੀਐਸਸੀ ਅਤੇ ਐਸਐਸਸੀ ਰੇਲਵੇ ਭਰਤੀ ਬੋਰਡ ਦੁਆਰਾ ਕੀਤੀ ਗਈ। ਪੀ.ਐੱਲ.ਡਬਲਿਊ., ਪਟਿਆਲਾ ਵਿੱਚ ਇਕੱਠੇ ਹੋਏ ਨਵ-ਨਿਯੁਕਤ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਸੀ, ਜੋ ਸੈਲਫੀ ਖਿੱਚਦੇ ਅਤੇ ਇੰਟਰਵਿਊ ਦਿੰਦੇ ਦੇਖੇ ਗਏ। ਉਨ੍ਹਾਂ ਨੇ ਨਿਯੁਕਤੀ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ।