ਬਹਾਦਰ ਸਿੰਘ
ਰਾਜਪੁਰਾ, 20 ਅਕਤੂਬਰ
ਸ਼ੰਭੂ ਪੁਲੀਸ ਨੇ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਗੁਆਂਢੀ ਰਾਜਾਂ ਤੋਂ ਅਣਅਧਿਕਾਰਤ ਤੌਰ ’ਤੇ ਜੀਰੀ ਲੋਡ ਕਰ ਕੇ ਲਿਆਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਥਾਣਾ ਸ਼ੰਭੂ ਦੇ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ੰਭੂ ਪੁਲੀਸ ਪਾਰਟੀ ਨੇ ਰਾਜਪੁਰਾ-ਅੰਬਾਲਾ ਜੀ.ਟੀ ਰੋਡ ’ਤੇ ਡਾਹਰੀਆਂ ਟੀ ਪੁਆਇੰਟ, ਘਨੌਰ-ਸ਼ੰਭੂ ਰੋਡ, ਘੱਗਰ ਸਰਾਏ ਟੀ ਪੁਆਇੰਟ, ਨੇੜੇ ਰਿਲਾਇੰਸ ਪੈਟਰੋਲ ਪੰਪ, ਟੀ ਪੁਆਇੰਟ ਅਲੀਮਾਜਰਾ ਅਤੇ ਟੀ ਪੁਆਇੰਟ ਬਪਰੌਰ ਵਿੱਚ ਸੂਚਨਾ ਦੇ ਆਧਾਰ ’ਤੇ ਨਾਕਾ ਲਾਇਆ ਹੋਇਆ ਸੀ।
ਇਸੇ ਦੌਰਾਨ ਗੁਆਂਢੀ ਰਾਜ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਤੋਂ ਜੀਰੀ ਲੋਡ ਕਰ ਕੇ ਲਿਆਉਣ ਵਾਲੇ ਟਰੱਕ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਟਰੱਕਾਂ ਵਿੱਚ ਹਰਿਆਣਾ ਅਤੇ ਹੋਰਨਾਂ ਰਾਜਾਂ ਤੋਂ ਜੀਰੀ ਲੋਡ ਕਰਕੇ ਪੰਜਾਬ ਲਿਆਂਦੀ ਜਾ ਰਹੀ ਹੈ ਜਿਹੜੀ ਸਬੰਧਤ ਰਾਜਾਂ ਤੋਂ ਸਸਤੇ ਰੇਟ ’ਤੇ ਖਰੀਦੀ ਹੋਈ ਹੈ। ਜੀਰੀ ਨੂੰ ਰਾਈਸ ਮਿੱਲਾਂ ਵੱਲੋਂ ਅਣਲੋਡ ਕਰਕੇ ਬੋਗਸ ਬਿਲਿੰਗ ਕੀਤੀ ਜਾਣੀ ਹੈ ਜਿਸ ਨਾਲ ਪੰਜਾਬ ਸਰਕਾਰ ਨੂੰ ਧੋਖਾਧੜੀ ਨਾਲ ਵਿੱਤੀ ਨੁਕਸਾਨ ਪਹੁੰਚੇਗਾ।
ਉਨ੍ਹਾਂ ਅੱਧਾ ਦਰਜਨ ਟਰੱਕ ਚਾਲਕਾਂ ਸਮੇਤ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚ ਟਰੱਕ ਚਾਲਕ ਮੁਕੇਸ਼ ਸਿੰਘ ਵਾਸੀ ਹਾਜਰਪੁਰ ਜ਼ਿਲ੍ਹਾ ਕਾਹਨਪੁਰ (ਉਤਰ ਪ੍ਰਦੇਸ਼), ਟਰੱਕ ਚਾਲਕ ਸੁਨੀਲ ਕੁਮਾਰ ਵਾਸੀ ਪਿੰਡ ਮੁਡੀਆ ਜ਼ਿਲ੍ਹਾ ਪੀਲੀਭੀਤ (ਉਤਰ ਪ੍ਰਦੇਸ਼), ਟਰੱਕ ਚਾਲਕ ਨੰਦੂ ਦੁੂਮਾਈ ਵਾਸੀ ਨਗਰ ਪਾਲਿਕਾ ਜ਼ਿਲ੍ਹਾ ਮਹਾਂਕਲੀ ਕੰਚਨਪੁਰ (ਨੇਪਾਲ), ਟਰੱਕ ਚਾਲਕ ਗੁਰਪ੍ਰੀਤ ਸਿੰਘ ਵਾਸੀ ਮਕਾਨ ਨੰਬਰ 772 ਵਾਰਡ ਨੰ. 7 ਗੋਧੇਵਾਲਾ ਜ਼ਿਲ੍ਹਾ (ਮੋਗਾ), ਟਰੱਕ ਚਾਲਕ ਵਸੀਰ ਖਾਨ ਪਿੰਡ ਜਲਾਲਾਵਾਦ ਧੇਰਾ ਜ਼ਿਲ੍ਹਾ ਸ਼ਾਹਜਹਾਨਪੁਰ (ਉਤਰ ਪ੍ਰਦੇਸ਼), ਟਰੱਕ ਚਾਲਕ ਵਰਿੰਦਰ ਯਾਦਵ ਵਾਸੀ ਜਾਗੋਡੀਆ ਜ਼ਿਲ੍ਹਾ ਗਿਆ (ਬਿਹਾਰ) ਅਤੇ ਛੇ ਅਣਪਛਾਤੇ ਟਰੱਕ ਚਾਲਕ ਸ਼ਾਮਲ ਹਨ।
ਟਰੱਕ ਡਰਾਈਵਰ ਸਣੇ ਦੋ ਖ਼ਿਲਾਫ਼ ਕੇਸ ਦਰਜ
ਘਨੌਰ (ਗੁਰਪ੍ਰੀਤ ਸਿੰਘ): ਪੁਲੀਸ ਨੇ ਅਣਅਧਿਕਾਰਤ ਤੌਰ ’ਤੇ ਹਰਿਆਣਾ ਸਮੇਤ ਹੋਰਨਾਂ ਰਾਜਾਂ ਤੋਂ ਟਰੱਕਾਂ ਵਿੱਚ ਜੀਰੀ ਲੋਡ ਕਰਕੇ ਲਿਆਉਣ ਦੇ ਦੋਸ਼ ਵਿੱਚ ਟਰੱਕ ਚਾਲਕ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਹੇਠ ਕੇਸ ਦਰਜ ਕੀਤਾ ਹੈ। ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਘਨੌਰ ਪੁਲੀਸ ਨੇ ਟਰੱਕ ਡਰਾਈਵਰ ਬਲਜੀਤ ਸਿੰਘ ਵਾਸੀ ਮਾਰਲੀ ਜ਼ਿਲ੍ਹਾ ਤਰਨਤਾਰਨ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਜਾਗਲਾ ਜ਼ਿਲ੍ਹਾ ਗੁਰਦਾਸਪੁਰ ਖਿਲਾਫ ਉਪਰੋਕਤ ਦੋਵੇਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।