ਸੁਭਾਸ਼ ਚੰਦਰ
ਸਮਾਣਾ, 29 ਨਵੰਬਰ
ਸਦਰ ਪੁਲੀਸ ਸਮਾਣਾ ਨੇ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿੱਚ ਪਿੰਡ ਚੌਹਠ ਨੇੜੇ ਇਕ ਛਾਪੇ ਦੌਰਾਨ ਮਿੱਟੀ ਦਾ ਭਰਿਆ ਟਿਪਰ ਅਤੇ ਇਕ ਜੇਸੀਬੀ ਮਸ਼ੀਨ ਨੂੰ ਕਾਬੂ ਕੀਤਾ ਹੈ। ਜਦੋਂਕਿ ਵਾਹਣ ਚਾਲਕ ਪੁਲੀਸ ਪਾਰਟੀ ਨੂੰ ਵੇਖ ਕੇ ਫਰਾਰ ਹੋ ਗਏ। ਪੁਲੀਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਣ-ਪਛਾਤੇ ਚਾਲਕਾਂ ਖ਼ਿਲਾਫ਼ ਮਾਈਨਿੰਗ ਐਕਟ 1957 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਸਦਰ ਪੁਲੀਸ ਮੁਖੀ ਸਬ-ਇੰਸਪੈਕਟਰ ਅਕੁੰਰਦੀਪ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਸਰਬਜੀਤ ਸਿੰਘ ਵੱਲੋਂ ਪੁਲੀਸ ਪਾਰਟੀ ਸਣੇ ਪਿੰਡ ਢੈਂਠਲ ਨੇੜੇ ਗਸ਼ਤ ਦੌਰਾਨ ਨਾਜਾਇਜ਼ ਮਾਈਨਿੰਗ ਸੰਬਧੀ ਮਿਲੀ ਸੂਚਨਾ ’ਤੇ ਪਿੰਡ ਚੋਂਹਠ ਨੇੜੇ ਰੇਡ ਕੀਤੀ ਤਾਂ ਉਥੇ ਕੰਮ ਕਰ ਰਹੀ ਇਕ ਜੇਸੀਬੀ ਮਸ਼ੀਨ ਅਤੇ ਮਿੱਟੀ ਦਾ ਭਰਿਆ ਟਿਪਰ ਮਿਲਿਆ ਪਰ ਇਨ੍ਹਾਂ ਵਾਹਨਾਂ ਦੇ ਚਾਲਕ ਪੁਲੀਸ ਪਾਰਟੀ ਨੂੰ ਵੇਖ ਕੇ ਫਰਾਰ ਹੋਣ ਵਿੱਚ ਸਫਲ ਰਹੇ। ਪੁਲੀਸ ਨੇ ਰੇਤ ਦਾ ਭਰਿਆ ਟਿਪਰ ਅਤੇ ਜੇਸੀਬੀ ਮਸ਼ੀਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਈਨਿੰਗ ਵਿਭਾਗ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀ ਰਕਵਿੰਦਰ ਸਿੰਘ ਵੱਲੋਂ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜਜ਼ਾ ਲਿਆ। ਫਰਾਰ ਹੋਏ ਅਣ-ਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।