ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਕਤੂਬਰ
‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿਖਇਜ਼ਮ’ ਬਹਾਦਰਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ਼ ਕਰਵਾਈ ਪੰਜ ਰੋਜ਼ਾ ‘ਗੁਰਬਾਣੀ ਸੰਥਿਆ ਵਰਕਸ਼ਾਪ’ ਸਮਾਪਤ ਹੋ ਗਈ। ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਸਾਹਿਬਾਨ ਪ੍ਰਤੀ ਅਦਬ ਅਤੇ ਸਤਿਕਾਰ ਕਾਇਮ ਰੱਖਣ ਲਈ ਗੁਰਬਾਣੀ ਨੂੰ ਸ਼ੁੱਧ ਰੂਪ ਵਿੱਚ ਪੜ੍ਹਨ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਗੁਰਬਾਣੀ ਨੂੰ ਉਵੇਂ ਹੀ ਪੜ੍ਹਿਆ ਜਾਵੇ, ਜਿਵੇਂ ਗੁਰਬਾਣੀ ਲਿਖੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ’ਚ ਅਜਿਹੀਆਂ ਕਾਰਜਸ਼ਾਲਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ’ਤੇ ਵੀ ਜ਼ੋਰ ਦਿੱਤਾ ਅਤੇ ਬੀਐੱਸਐੱਫ਼ ਦੇ ਸੁਰੱਖਿਆ ਘੇਰੇ ਨੂੰ ਮੋਕਲ਼ਾ ਕਰਨ ਦੀ ਕਾਰਵਾਈ ਨੂੰ ਰਾਜਾਂ ਦੇ ਅਧਿਕਾਰਾਂ ’ਤੇ ਡਾਕੇ ਦੇ ਤੁਲ ਗਰਦਾਨਿਆ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਬਾਣੀ ਨੂੰ ਮਰਿਆਦਾ ਅਨੁਸਾਰ ਹੀ ਪੜ੍ਹਨ ਦੀ ਗੱਲ ਵੀ ਆਖੀ। ਉਨ੍ਹਾਂ ਗ੍ਰੰਥੀ ਸਾਹਿਬਾਨ, ਸਕਾਲਰਜ਼, ਖੋਜਾਰਥੀਆਂ ਅਤੇ ਮੁਲਾਜ਼ਮਾਂ ਦੇ ਰਿਫਰੈਸ਼ਰ ਕੋਰਸ ਮੁੜ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ। ਬੈਚੁਲਰ ਆਫ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ) ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਸ਼ਬਦ ਪੜ੍ਹਿਆ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਇੰਸਟੀਚਿਊਟ ਦੀ ਕਾਰਜ ਪ੍ਰਣਾਲ਼ੀ ਸਮੇਤ ਹੋਰ ਜਾਣਕਾਰੀ ਵੀ ਦਿੱਤੀ। ਕਾਰਜਸ਼ਾਲਾ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਪਾਠ ਦੇ ਨਾਲ ਨਾਲ ਇਸ ਦੇ ਅਰਥਾਂ ਨੂੰ ਜੀਵਨ ਵਿਚ ਲਾਗੂ ਕਰਨ ਹਿਤ ਯਤਨ ਕਰਨੇ ਪੈਣਗੇ। ਸੈਸ਼ਨ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਰਣਧੀਰ ਸਿੰਘ ਨੇ ‘ਗੁਰਬਾਣੀ ਉਚਾਰਨ : ਗੁਰਬਾਣੀ ਕੀਰਤਨ ਦੇ ਹਵਾਲੇ ਵਿੱਚ’ ਵਿਸ਼ੇ ਤਹਿਤ ਕਿਹਾ ਕਿ ਕੀਰਤਨ ਕਰਦਿਆਂ ਗੁਰਬਾਣੀ ਦੀਆਂ ਲਗਾਂ-ਮਾਤਰਾਵਾਂ ਦਾ ਉਚਾਰਨ ਕਰੜੇ ਅਭਿਆਸ ਦੀ ਮੰਗ ਕਰਦਾ ਹੈ। ਇਸ ਮੌਕੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਅਤੇ ਪ੍ਰਿੰਸੀਪਲ ਸਤਵੰਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।