ਪੱਤਰ ਪ੍ਰੇਰਕ
ਪਟਿਆਲਾ, 16 ਅਕਤੂਬਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਵਿਚ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ਹੇਠ ਜਸ਼ਨ-ਏ-ਉਰਦੂ ਮੁਸ਼ਾਇਰਾ ਤੇ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੌਰਾਨ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮਾ ਰੌਸ਼ਨ ਕਰ ਕੇ ਮੁਸ਼ਾਇਰੇ ਦੀ ਸ਼ੁਰੂਆਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਰੁਬੀਨਾ ਸ਼ਬਨਮ ਨੇ ਕੀਤੀ ਅਤੇ ਉੱਤਰਾਖੰਡ ਉਰਦੂ ਅਕਾਦਮੀ ਦੇ ਉਪ ਚੇਅਰਮੈਨ ਅਫ਼ਜ਼ਲ ਮੰਗਲੂਰੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਵੇਲੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪੁਸਤਕ ਵੀ ਲੋਕ ਅਰਪਣ ਕੀਤੀ ਗਈ।
ਮੁੱਖ ਮਹਿਮਾਨ ਡਾ. ਬਲਵੀਰ ਸਿੰਘ ਨੇ ਕਿਹਾ ਕਿ ਜੇ ਇਤਿਹਾਸ ਤੇ ਵਰਤਮਾਨ ਨੂੰ ਫਰੋਲਿਆ ਜਾਵੇ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਾਇਰ ਹਮੇਸ਼ਾ ਹੀ ਸਮੇਂ ਦੀ ਆਵਾਜ਼ ਬਣਦਾ ਹੈ। ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਲੋਕਾਂ ਨੇ ਸਾਡੀਆਂ ਭਾਸ਼ਾਵਾਂ ਨੂੰ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਸਰਾਸਰ ਗ਼ਲਤ ਹੈ। ਸਹਾਇਕ ਨਿਰਦੇਸ਼ਕ ਅਸ਼ਰਫ਼ ਮਹਿਮੂਦ ਨੰਦਨ ਦੀ ਅਗਵਾਈ ਵਿਚ ਹੋਏ ਮੁਸ਼ਾਇਰੇ ਦੇ ਸੰਚਾਲਨ ਕਰਤਾ ਡਾ. ਮੁਹੰਮਦ ਰਫ਼ੀ ਨੇ ਉਰਦੂ ਭਾਸ਼ਾ ਦੀਆਂ ਖ਼ੂਬੀਆਂ ਤੇ ਮੁਸ਼ਕਲਾਂ ਮੁੱਖ ਮਹਿਮਾਨ ਅੱਗੇ ਰੱਖੀਆਂ। ਮੁਸ਼ਾਇਰੇ ਦੀ ਸ਼ੁਰੂਆਤ ਸ਼ਾਇਰਾ ਖ਼ੁਸ਼ਬੂ ਰਾਮਪੁਰੀ ਨੇ ਆਪਣੇ ਕਲਾਮ ਨਾਲ ਕੀਤੀ। ਫਿਰ ਪਰਮਿੰਦਰ ਸ਼ੋਖ ਨੇ ਸ਼ਾਇਰੀ ਪੇਸ਼ ਕੀਤੀ। ਨਫ਼ੀਸ ਦਿਉਬਾਦੀ ਨੇ, ਸਰਦਾਰ ਪੰਛੀ, ਡਾ. ਸਾਬਰ, ਡਾ. ਜਾਵੇਦ ਅਖ਼ਤਰ, ਮੁਹੰਮਦ ਇਸਲਾਮੀ, ਸਮਸ ਪਰਵੇਜ਼, ਅਫ਼ਜ਼ਲ ਮੰਗਲੌਰੀ, ਡਾ. ਰੁਬੀਨਾ ਸ਼ਬਨਮ ਤੇ ਡਾ. ਮੁਹੰਮਦ ਰਫ਼ੀ ਨੇ ਵੀ ਕਲਾਮ ਪੇਸ਼ ਕਰ ਕੇ ਰੰਗ ਬੰਨ੍ਹਿਆ। ਇਸ ਮੌਕੇ ਵਿਭਾਗ ਦੀਆਂ ਪ੍ਰਕਾਸ਼ਿਤ ਉਰਦੂ ਭਾਸ਼ਾ ਦੀਆਂ ਪੁਸਤਕਾਂ ਤੇ ਰਸਾਲਾ ਵੀ ਰਿਲੀਜ਼ ਕੀਤਾ ਗਿਆ। ਵਿਭਾਗ ਵੱਲੋਂ ਸਾਰੇ ਮਹਿਮਾਨਾਂ ਦਾ ਪੁਸਤਕਾਂ ਤੇ ਬੂਟਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਹਾਇਕ ਨਿਰਦੇਸ਼ਕਾ ਹਰਭਜਨ ਕੌਰ, ਸਤਨਾਮ ਸਿੰਘ, ਪਰਵੀਨ ਕੁਮਾਰ ਸੁਰਿੰਦਰ ਕੌਰ ਤੇ ਸੁਖਪ੍ਰੀਤ ਕੌਰ, ਸਾਹਿਤ ਰਸੀਏ ਤੇ ਵਿਭਾਗ ਦੇ ਮੁਲਾਜ਼ਮ ਹਾਜ਼ਰ ਸਨ।