ਪੱਤਰ ਪ੍ਰੇਰਕ
ਘਨੌਰ, 19 ਫਰਵਰੀ
ਵਿਧਾਨ ਸਭਾ ਚੋਣਾਂ ਲਈ ਖੁਲ੍ਹੇਆਮ ਚੋਣ ਪ੍ਰਚਾਰ ਬੰਦ ਹੋ ਜਾਣ ਦੇ ਬਾਵਜੂਦ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਹਲਕਾ ਘਨੌਰ ਤੋਂ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਅੱਜ ਹੋਰ ਹੰਭਲਾ ਮਾਰਦਿਆਂ ਕਸਬਾ ਘਨੌਰ, ਪਿੰਡ ਰੁੜਕਾ, ਸਿਆਲੂ, ਮਦਨਪੁਰ ਅਤੇ ਸ਼ੰਭੂ ’ਚ ਘਰ-ਘਰ ਜਾ ਕੇ ਲੋਕਾਂ ਪਾਸੋਂ ਹਲਕਾ ਘਨੌਰ ਵਿੱਚ ਕਰਵਾਏ ਗਏ ਵਿਕਾਸ ਦੇੇ ਅਧਾਰ ਤੇ ਵੋਟਾਂ ਮੰਗੀਆਂ। ਇਸ ਮੌਕੇ ਜਲਾਲਪੁਰ ਨੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਲਾਰੇਬਾਜ਼ ਗਰਦਾਨਿਆਂ ਅਤੇ ਕਿਹਾ ਕਿ ਇਨ੍ਹਾਂ ਧਿਰਾਂ ਵੱਲੋਂ ਲੋਕਾਂ ਦੀ ਵੋਟਾਂ ਬਟੋਰਨ ਲਈ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਜੋ ਕਿ ਸੰਭਵ ਨਹੀਂ ਹੋ ਸਕਦੇ। ਜਲਾਲਪੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਕਰਮਭੂਮੀ ਹਲਕਾ ਘਨੌਰ ਵਿੱਚ 5 ਸਾਲਾਂ ਦੌਰਾਨ 1500 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਸਰਵਪੱਖੀ ਵਿਕਾਸ ਦੇ ਅਧਾਰ ’ਤੇ ਫਤਵੇ ਦੀ ਮੰਗ ਕੀਤੀ ਜਾ ਰਹੀ ਹੈ। ਜਲਾਲਪੁਰ ਨੇ ਦਾਅਵਾ ਕੀਤਾ ਕਿ ਹਲਕਾ ਘਨੌਰ ਦੇ ਲੋਕ ਇਨ੍ਹਾਂ ਚੋਣਾਂ ਦੋਰਾਨ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ।
ਆਗੂਆਂ ਨੇ ਘਰ-ਘਰ ਪ੍ਰਚਾਰ ਕੀਤਾ
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਚੋਣਾਂ-2022 ਲਈ 20 ਫਰਵਰੀ ਨੂੰ ਪੈਣ ਵਾਲ਼ੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾ ਮਿਤੀ 18 ਫਰਵਰੀ 2022 ਸ਼ਾਮ 6 ਵਜੇ ਸਮਾਪਤ ਹੋ ਚੁੱਕਾ ਹੈ। ਆਦਰਸ਼ ਚੋਣ ਜ਼ਾਬਤੇ ਅਧੀਨ ਪਾਬੰਦੀਆਂ ਲਾਗੂ ਹੋਣ ਉਪਰੰਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਅਤੇ ਆਗੂ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਨ ਵਿੱਚ ਜੁਟ ਗਏ ਹਨ। ਇਹ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਆਖ਼ਰੀ ਗੇੜ ਦਾ ਚੋਣ ਪ੍ਰਚਾਰ ਹੈ। ਸਿਆਸੀ ਆਗੂਆਂ ਤੇ ਵਰਕਰਾਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।