ਪੱਤਰ ਪ੍ਰੇਰਕ
ਘਨੌਰ, 19 ਸਤੰਬਰ
ਇੱਥੋਂ ਨੇੜਲੇ ਪਿੰਡ ਕਬੂਲਪੁਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਉਟਸਰ ਅਤੇ ਸਰਪੰਚ ਲੱਖਾ ਸਿੰਘ ਦੀ ਸਾਂਝੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਨੇ ਰਾਜਪੁਰਾ-ਅੰਬਾਲਾ ਜੀਟੀ ਰੋਡ ’ਤੇ ਸਥਿੱਤ ਪਿੰਡ ਘੱਗਰ ਸਰਾਏ ਤੋਂ ਜੰਡ ਮੰਗੌਲੀ ਵਾਯਾ ਨੋਗਾਵਾਂ, ਚਤਰਨਗਰ, ਸਲੇਮਪੁਰ ਸੇਖਾਂ, ਕਬੂਲਪੁਰ ਅਤੇ ਪਿੱਪਲ ਮੰਗੌਲੀ ਨੂੰ ਜੋੜਦੀ ਕਰੀਬ 13 ਕਿਲੋਮੀਟਰ ਲੰਮੀ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਅਤੇ ਨਵੀਨੀਕਰਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜਲਾਲਪੁਰ ਨੇ ਕਿਹਾ ਕਿ 97 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਇਸ ਸੜਕ ਨੂੰ 18 ਫੁੱਟ ਚੌੜਾ ਕਰ ਕੇ ਆਉਂਦੇ 15 ਮਹੀਨੇ ਦੌਰਾਨ ਇਸ ਦਾ ਨਵੀਨੀਕਰਨ ਕਰ ਦਿੱਤਾ ਜਾਵੇਗਾ। ਜਲਾਲਪੁਰ ਨੇ ਦੱਸਿਆ ਕਿ ਜੰਡ ਮੰਗੌਲੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇੜਿਓਂ ਲੰਘਦੀ ਭਾਗਨਾਂ ਡਰੇਨ ਤੇ 2 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਪੁੱਲ ਦੀ ਉਸਾਰੀ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਕਾਂਮੀ, ਬਲਜੀਤ ਸਿੰਘ ਗਿੱਲ, ਜਗਰੂਪ ਸਿੰਘ ਹੈਪੀ ਸੇਹਰਾ, ਜਗਵੀਰ ਸਿੰਘ ਕਬੂਲਪੁਰ, ਰਾਮ ਸਿੰਘ ਸੀਲ, ਗਗਨ ਚੋਧਰੀ ਹਸ਼ਨਪੁਰ, ਯੂਥ ਕਾਂਗਰਸ ਆਗੂ ਇੰਦਰਜੀਤ ਸਿੰਘ ਗਿਫਟੀ ਆਦਿ ਮੌਜੂਦ ਸਨ।