ਗੁਰਪ੍ਰੀਤ ਸਿੰਘ
ਘਨੌਰ, 26 ਫਰਵਰੀ
ਹਲਕਾ ਘਨੌਰ ਦੇ ਪਿੰਡ ਆਕੜੀ, ਸੇਹਰਾ, ਸੇਹਰੀ ਅਤੇ ਪੱਬਰਾ ਵਿੱਚ ਮਾਰਕੀਟ ਕਮੇਟੀ ਰਾਜਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਅੱਛਰ ਸਿੰਘ ਭੇਡਵਾਲ ਅਤੇ ਜਗਦੀਪ ਸਿੰਘ ਡਿੰਪਲ ਦੀ ਅਗਵਾਈ ਵਿੱਚ ਸਮਾਰੋਹ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇਨ੍ਹਾਂ ਚਾਰ ਪਿੰਡਾਂ ਵਿੱਚ ਦੋ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀਆਂ ਸਕੂਲੀ ਇਮਾਰਤਾਂ, ਸ਼ਮਸ਼ਾਨਘਾਟਾਂ ਦੇ ਸ਼ੈੱਡ, ਸੀਚੇਵਾਲ ਮਾਡਲ ਤਹਿਤ ਟੋਭਿਆਂ ਦਾ ਨਵੀਨੀਕਰਨ ਅਤੇ ਧਰਮਸ਼ਲਾਵਾਂ ਦੀ ਉਸਾਰੀਆਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜਲਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਰਹੇ ਹਨ। ਲੰਘੇ ਮਹੀਨੇ ਹਲਕਾ ਘਨੌਰ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 25 ਕਰੋੜ ਰੁਪਏ ਦੀ ਗ੍ਰਾਂਟਾਂ ਦਿੱਤੀਆਂ ਗਈਆਂ ਹਨ। ਜਦੋਂ ਕਿ ਮਾਰਚ ਮਹੀਨੇ ਵਿੱਚ ਵੀ ਹੋਰ ਗ੍ਰਾਂਟਾਂ ਵੰਡੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਘਨੌਰ ਨੂੰ ਵਿਕਾਸ ਪੱਖੋਂ ਰਾਜ ਦਾ ਮੋਹਰੀ ਹਲਕਾ ਬਣਾਉਣ ਲਈ ਚਾਲੂ ਸਾਲ ਵਿੱਚ 125 ਕਰੋੜ ਰੁਪਏ ਖਰਚਣ ਦਾ ਟੀਚਾ ਹੈ। ਇਸ ਦੌਰਾਨ ਉਨ੍ਹਾਂ ਸਬੰਧਤ ਪੰਚਾਇਤਾਂ ਨੁੂੰ ਆਖਿਆ ਕਿ ਸਰਕਾਰੀ ਗਰਾਂਟਾਂ ਦੀ ਯੋਗ ਥਾਂ ’ਤੇ ਬਿਨਾਂ ਕਿਸੇ ਪੱਖਪਾਤ ਤੋਂ ਵਰਤੋਂ ਕਰਕੇ ਵਿਕਾਸ ਕਾਰਜ ਨੇਪਰੇ ਚੜ੍ਹਾਏ ਜਾਣ। ਇਸ ਮੌਕੇ ਹਰਸੰਗਤ ਸਿੰਘ ਤਖਤੂਮਾਜਰਾ, ਧਰਮਿੰਦਰ ਸਿੰਘ ਬਠੌਣੀਆ, ਅਮਰਜੀਤ ਸਿੰਘ ਥੂਹਾ, ਜ਼ਿਲ੍ਹਾ ਪਰਿਸ਼ਦ ਮੈਂਬਰ ਭੁਪਿੰਦਰ ਕੌਰ, ਯੂਥ ਕਾਂਗਰਸ ਆਗੂ ਇੰਦਰਜੀਤ ਸਿੰਘ ਗਿਫਟੀ, ਸਾਬਕਾ ਚੇਅਰਮੈਨ ਬਲਰਾਜ ਸਿੰਘ ਨੌਸ਼ਹਿਰਾ ਮੌਜੂਦ ਸਨ।