ਪੱਤਰ ਪ੍ਰੇਰਕ
ਘਨੌਰ, 14 ਮਾਰਚ
ਹਲਕਾ ਘਨੌਰ ਦੇ ਪਿੰਡ ਤਖਤੂਮਾਜਰਾ, ਪੱਬਰੀ, ਆਕੜ, ਗੋਪਾਲਪੁਰ, ਅਬਦਲਪੁਰ, ਟਹਿਲਪੁਰਾ ਤੇ ਬੱਠਲੀ ਵਿੱਚ ਬਲਾਕ ਸਮਿਤੀ ਸ਼ੰਭੂ ਕਲਾਂ ਦੇ ਚੇਅਰਮੈਨ ਅੱਛਰ ਸਿੰਘ ਭੇਡਵਾਲ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ ਅਤੇ ਹਰਸੰਗਤ ਸਿੰਘ ਤਖਤੂਮਾਜਰਾ ਦੀ ਅਗਵਾਈ ਵਿੱਚ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਨੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਪਾਰਕ, ਸਕੂਲ ਇਮਾਰਤਾਂ, ਸੀਵਰੇਜ ਸਿਸਟਮ ਅਤੇ ਹੋਰਨਾਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜਲਾਲਪੁਰ ਨੇ ਆਖਿਆ ਕਿ ਅਕਾਲੀ ਸਰਕਾਰ ਵੱਲੋਂ 27 ਸਾਲਾਂ ਵਿੱਚ ਕੀਤੇ ਗਏ ਨਿਗੂਣੇ ਵਿਕਾਸ ਕਾਰਜਾਂ ਦੇ ਮੁਕਾਬਲੇ ਰਾਜ ਦੀ ਕਾਂਗਰਸ ਸਰਕਾਰ ਵੱਲੋਂ ਚਾਰ ਸਾਲਾਂ ਦੌਰਾਨ ਹਲਕਾ ਘਨੌਰ ਵਿੱਚ 1100 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਇਸ ਮੌਕੇ ਐਨ.ਪੀ ਸਿੰਘ ਪੱਬਰੀ, ਮਨਜੀਤ ਸਿੰਘ ਟਹਿਲਪੁਰਾ, ਹਰਜਿੰਦਰ ਸਿੰਘ ਆਕੜੀ, ਦਲਬੀਰ ਸਿੰਘ ਢੀਡਸਾਂ, ਰਮੇਸ਼ ਆਕੜੀ ਸਮੇਤ ਹੋਰ ਮੌਜੂਦ ਸਨ।