ਸ਼ਾਹਬਾਜ਼ ਸਿੰਘ
ਘੱਗਾ, 12 ਫਰਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਪਟਿਆਲਾ ਦੇ ਹਲਕਾ ਸ਼ੁਤਰਾਣਾ ਦੇ ਢਿੱਲੇ ਵਿਕਾਸ ਕਾਰਜਾਂ ਦੀ ਮਿਸਾਲ ਘੱਗਾ-ਕਲਵਾਣੂ ਸੜਕ ਉਤੇ ਭਾਖੜਾ ਮੇਨ ਲਾਈਨ ਨਹਿਰ ਦਾ ਪੁਲ ਹੈ ਜੋ ਸਰਕਾਰ ਦੇ ਪੰਜ ਸਾਲ ਦੇ ਅਰਸੇ ਵਿੱਚ ਵੀ ਸਿਰੇ ਲੱਗਦਾ ਨਜ਼ਰ ਨਹੀਂ ਆ ਰਿਹਾ। ਪਿਛਲੇ ਕਾਫੀ ਸਮੇਂ ਤੋਂ ਭਾਖੜਾ ਨਹਿਰ ਦਾ ਸਟੀਲ ਦਾ ਢਾਂਚਾ ਜੋ ਪੁਰਾਣੇ ਪੁਲ ਨਜ਼ਦੀਕ ਲਕੜ ਦੇ ਗੁਟਕਿਆਂ ਉਤੇ ਟਿਕਾਇਆ ਹੋਇਆ ਹੈ ਸਥਾਪਤ ਨਹੀਂ ਹੋ ਸਕਿਆ ਜਦੋਂਕਿ ਗੁਟਕਿਆਂ ਨੂੰ ਸਿਓਂਕ ਲੱਗਣ ਕਾਰਨ ਇਹ ਕਿਸੇ ਵੇਲੇ ਵੀ ਰਾਹਗੀਰਾਂ ਦੀ ਜਾਨ ਲੈ ਸਕਦਾ ਹੈ। ਕੋਈ ਵੀ ਅਧਿਕਾਰੀ ਇਸ ਸਬੰਧੀ ਗੱਲ ਕਰਨ ਲਈ ਤਿਆਰ ਨਹੀਂ ਤੇ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਭਾਖੜਾ ਨਹਿਰ ਦੇ ਇਸ ਸਟੀਲ ਬਰਿਜ ਕੋਲੋਂ ਲੰਘ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ 4.5 ਕਰੋੜ ਦੀ ਲਾਗਤ ਨਾਲ ਤਿਆਰ ਇਸ ਸਟੀਲਦੇ ਢਾਂਚੇ ਦਾ ਵਜ਼ਨ ਕਰੀਬ 150 ਟਨ ਦੱਸਿਆ ਜਾ ਰਿਹਾ ਹੈ ਜਿਸ ਨੂੰ ਟਿਕਾਉਣ ਲਈ ਭਾਖੜਾ ਦੇ ਆਰ-ਪਾਰ ਪਿੱਲਰ ਤਿਆਰ ਕੀਤੇ ਗਏ ਹਨ ਤੇ ਇਹ ਸਟੀਲ ਦਾ ਪਿੰਜਰ ਰੇਲ ਪਟੜੀਆਂ ਰਾਹੀਂ ਖਿੱਚ ਕੇ ਪੁਰਾਣੇ ਪੁਲ ਉਤੇ ਸਥਾਪਤ ਕੀਤਾ ਜਾਣਾ ਹੈ। ਇੰਨਾ ਹੀ ਨਹੀਂ ਸਟੀਲ ਦੇ ਢਾਂਚੇ ਕੋਲ ਸੂਏ ਦੀਆਂ ਪੈਰਾਫਿਟ ਢਹਿ ਗਈਆਂ ਹਨ ਤੇ ਸੂਏ ਦੇ ਰੋਡੇ ਪੁਲ ਕੋਲ ਕਈ ਵਾਰ ਗੱਡੀਆਂ ਲੰਮਕ ਚੁਕੀਆਂ ਹਨ ਪਰ ਅਧਿਕਾਰੀ ਅਵੇਸਲੇ ਹੋ ਕੇ ਬੈਠੇ ਹਨ।
ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲ ਦੇ ਢਾਂਚੇ ਹੇਠ ਪਹਿਲਾਂ ਸਟੀਲ ਦੇ ਜੈੱਕ ਲੱਗੇ ਸੀ ਪਰ ਠੇਕੇਦਾਰ ਵੱਲੋਂ ਸਟੀਲ ਦੇ ਜੈਕ ਹਟਾ ਲਏ ਜਾਣ ਮਗਰੋਂ ਇਹ ਢਾਂਚਾ ਕੇਵਲ ਲੱਕੜ ਦੇ ਗੁਟਕਿਆਂ ਉਤੇ ਟਿਕਾਇਆ ਗਿਆ ਹੈ ਪਰ ਲਕੜ ਦੇ ਗੁਟਕੇ ਸਿਓਂਕ ਲੱਗਣ ਕਾਰਨ ਥੋਥਲੇ ਹੋ ਗਏ ਹਨ ਜੋ ਕਿਸੇ ਵੇਲੇ ਵੀ ਹੇਠਾਂ ਬਹਿ ਸਕਦੇ ਹਨ ਤੇ ਸਟੀਲ ਦਾ ਢਾਂਚਾ ਡਿੱਗ ਕੇ ਰਾਹਗੀਰਾਂ ਦੀ ਜਾਨ ਲੈ ਸਕਦਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕੇ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਇਲਾਕੇ ਦੇ ਵੋਟਰਾਂ ਨੂੰ ਇਸ ਪੁਲ ਦੇ ਸਬਜ਼ਬਾਗ ਦਿਖਾਏ ਸਨ ਪਰ ਸਰਕਾਰ ਦੇ ਪੰਜ ਸਾਲ ਦੇ ਅਰਸੇ ਤੱਕ ਇਹ ਕੰਮ ਲਟਕਿਆ ਪਿਆ ਹੈ।
ਕਣਕ ਦੀ ਵਾਢੀ ਤੋਂ ਪਹਿਲਾਂ ਤਿਆਰ ਹੋ ਜਾਣਗੇ ਪੁਲ: ਨਿਰਮਲ ਸਿੰਘ
ਇਸ ਸਬੰਧੀ ਗੱਲ ਕਰਦਿਆਂ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਦੱਸਿਆ ਕਿ ਕਲਵਾਣੂ, ਨਾਗਰੀ ਦੇ ਪੁਲ ਤਿਆਰ ਹਨ ਤੇ ਇਨ੍ਹਾਂ ਨੂੰ ਖਿੱਚ ਕੇ ਸਥਾਪਤ ਕਰਨ ਵਾਲੀ ਮਸ਼ੀਨ ਆਉਣ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਣਾ ਦਾ ਪੁਲ ਵੀ ਇਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਣਕ ਦੀ ਵਾਢੀ ਤੋਂ ਪਹਿਲਾਂ ਪਹਿਲਾਂ ਇਹ ਪੁਲ ਤਿਆਰ ਹੋ ਜਾਣਗੇ।