ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਗਸਤ
ਇੱਥੇ ਸਥਿਤ ਚੜ੍ਹਦੀ ਕਲਾ ਅਖ਼ਬਾਰ ਅਤੇ ਟਾਈਮ ਟੀਵੀ ਆਧਾਰਤ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਦਰਦੀ ਨੂੰ ਪੰਜਾਬ, ਪੰਜਾਬੀਅਤ ਸਮੇਤ ਪੱਤਰਕਾਰਤਾ ਅਤੇ ਵਿੱਦਿਅਕ ਖੇਤਰ ’ਚ ਯੋਗਦਾਨ ਪਾਉਣ ਬਦਲੇ ਪੰਜਾਬ ਸਰਕਾਰ ਵੱਲੋਂ 75ਵੇਂ ਆਜ਼ਾਦੀ ਦਿਵਸ ਸਬੰਧੀ ਲੁਧਿਆਣਾ ’ਚ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਗਜੀਤ ਸਿੰਘ ਦਰਦੀ ਨੂੰ ‘ਸਟੇਟ ਐਵਾਰਡ’ ਦਾ ਵਿਸ਼ੇਸ਼ ਪੁਰਸਕਾਰ ਭੇਟ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਦਰਦੀ ਦੀ ਅਗਵਾਈ ਹੇਠਾਂ ਪਟਿਆਲਾ ਤੋਂ ਛਪਦਾ ਚੜ੍ਹਦੀ ਕਲਾ ਅਖਬਾਰ ਕਈ ਸਾਲ ਪੁਰਾਣਾ ਅਖ਼ਬਾਰ ਹੈ। ਇਸ ਤੋਂ ਇਲਾਵਾ ਕਈ ਸਾਲਾਂ ਤੋਂ ਚੱਲ ਰਿਹਾ ‘ਚੜ੍ਹਦੀ ਕਲਾ ਟਾਈਮ ਟੀਵੀ’ ਚੈਨਲ ਵੀ ਦਰਦੀ ਪਰਿਵਾਰ ਦੀ ਹੀ ਮਲਕੀਅਤ ਹੈ। ਇਸ ਮਗਰੋਂ ਪਟਿਆਲਾ ਪੁੱਜੇ ਸ੍ਰੀ ਦਰਦੀ ਦਾ ਕਹਿਣਾ ਸੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਹੋਰ ਵੀ ਵਧੇਰੇ ਤਨਦੇਹੀ ਨਾਲ ਨਿਭਾਉਣਗੇ।