ਪੱਤਰ ਪ੍ਰੇਰਕ
ਪਟਿਆਲਾ, 6 ਜੁਲਾਈ
ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇੱਥੇ ਐਨਆਰਆਈ ਮੀਡੀਆ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਉੱਘੇ ਪੱਤਰਕਾਰ ਬਲਤੇਜ ਪੰਨੂ ਨਾਲ ਕੇਕ ਕੱਟ ਕੇ ਖ਼ੁਸ਼ੀ ਸਾਂਝੀ ਕੀਤੀ, ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਨੂੰ ਕੈਬਨਿਟ ਵਿਚ ਸ਼ਾਮਲ ਕਰਨ ਦੇ ਨਾਲ ਨਾਲ ਉੱਘੇ ਪੱਤਰਕਾਰ ਬਲਤੇਜ ਪੰਨੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਡਾਇਰੈਕਟਰ ਮੀਡੀਆ ਰਿਲੇਸ਼ਨ ਬਣਾਏ ਜਾਣ ਨਾਲ ਪਟਿਆਲਾ ਜ਼ਿਲ੍ਹੇ ਨੂੰ ਵੱਡਾ ਮਾਣ ਮਿਲਿਆ ਹੈ।
ਇਸ ਵੇਲੇ ਬਲਤੇਜ ਪੰਨੂ ਨੇ ਵੀ ਕਿਹਾ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਸ੍ਰੀ ਕੋਹਲੀ ਨੇ ਕਿਹਾ ਕਿ ਸੂਬੇ ਤੇ ਦੇਸ਼ ਦੀ ਰਾਜਨੀਤੀ ਦਾ ਚੋਖਾ ਗਿਆਨ ਰੱਖਣ ਵਾਲੇ ਬਲਤੇਜ ਪੰਨੂ ਦੀ ਇਸ ਨਿਯੁਕਤੀ ਦਾ ਮੁੱਖ ਮੰਤਰੀ ਦਫ਼ਤਰ ਅਤੇ ਸੂਬੇ ਨੂੰ ਵੱਡਾ ਲਾਭ ਮਿਲੇਗਾ। ਜ਼ਿਕਰਯੋਗ ਹੈ ਕਿ ਬਲਤੇਜ ਪੰਨੂ ਕੈਨੇਡਾ ਵਿਚ ਕਾਫ਼ੀ ਸਮਾਂ ਰਹੇ ਪਰ ਉਹ ਮੁੜ ਪੰਜਾਬ ਵਿਚ ਆ ਗਏ, ਇੱਥੇ ਆਕੇ ਉਨ੍ਹਾਂ ਐਨਆਰਆਈ ਟੀਵੀ ਚੈਨਲ ਵੀ ਸ਼ੁਰੂ ਕੀਤਾ ਉਸ ਤੋਂ ਬਾਅਦ ਕਈ ਸਾਰੇ ਮੀਡੀਆ ਪਲੇਟਫ਼ਾਰਮਾਂ ਦੇ ਕੰਮ ਕੀਤਾ, ਉਨ੍ਹਾਂ ਨੇ ਅੰਤਰਰਾਸ਼ਟਰੀ ਮੀਡੀਆ ਸੰਸਥਾ ‘ਓਪਨ’ ਵੀ ਬਣਾਈ, ਜਿਸ ਨਾਲ ਉਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਮੀਡੀਆ ਕਾਮਿਆਂ ਨੂੰ ਇਕੱਤਰ ਵੀ ਕੀਤਾ, ਉਨ੍ਹਾਂ ਨੇ ਪਟਿਆਲਾ ਵਿਚ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਵਿਚ ਅਹੁਦਿਆਂ ਤੇ ਕੰਮ ਕੀਤਾ। ਇਸ ਸਬੰਧ ਵਿਚ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਨਾਲ ਸਬੰਧਤ ਬਲਤੇਜ ਪੰਨੂ ਸਾਡੇ ਸਭ ਲਈ ਮੁੱਖ ਮੰਤਰੀ ਨਾਲ ਕਦੇ ਵੀ ਰਾਬਤਾ ਕਾਇਮ ਕਰਨ ਵਿਚ ਸਹਾਈ ਹੋਣਗੇ।