ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਾਰਚ
ਪੀ.ਡਬਲਿਯ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਵੱਲੋਂ ਮੁਲਾਜ਼ਮ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ ਕਾਮਿਆਂ ਨੇ ਅੱਜ ਬੀ.ਐੱਮ.ਐੱਲ. ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਵਿੱਚ ਧਰਨਾ ਲਗਾਇਆ।
ਜਥੇਬੰਦੀ ਦੇ ਆਗੂ ਜਸਵੀਰ ਸਿੰਘ ਖੋਖਰ, ਰਜਿੰਦਰ ਸਿੰਘ ਧਾਲੀਵਾਲ, ਪ੍ਰਕਾਸ਼ ਸਿੰਘ ਗੰਡਾਖੇੜੀ ਅਤੇ ਕ੍ਰਿਸ਼ਨ ਖਨੌਰੀ ਦੀ ਪ੍ਰਧਾਨਗੀ ਹੇਠਲੇ ਇਸ ਧਰਨੇ ਨੂੰ ਪੀ.ਐੱਸ.ਐੱਸ.ਐੱਫ. ਦੇ ਸੂਬਾ ਆਗੂ ਦਰਸ਼ਨ ਬੇਲੂਮਾਜਰਾ, ਜਨਰਲ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਛੱਜੂ ਰਾਮ, ਬਲਜਿੰਦਰ ਸਿੰਘ ਮੰਡੋਲੀ, ਗੁਰਦਰਸ਼ਨ ਖਮਾਣੋਂ ਅਤੇ ਦਰਸ਼ਨ ਰੋਗਲਾ ਆਦਿ ਨੇ ਵੀ ਸੰਬੋਧਨ ਕੀਤਾ। ਜਸਵੀਰ ਸਿੰਘ ਖੋਖਰ ਨੇ ਕਿਹਾ ਕਿ ਨਵੀਂ ਸਰਕਾਰ ਮੁਲਾਜ਼ਮ ਮੰਗਾਂ ਦੀ ਪੂਰਤੀ ਯਕੀਨੀ ਬਣਾਵੇ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਬੀ.ਐੱਮ.ਐੱਲ. ਦੇ ਅਧਿਕਾਰੀਆਂ ਵੱਲੋਂ ਮੁਲਾਜ਼ਮ ਮੰਗਾਂ ਦਾ ਹੱਲ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਆਪਣਾਈ ਜਾ ਰਹੀ ਹੈ। ਇਸ ਕਾਰਨ ਸਰਕਾਰ ਵੱਲੋਂ 1 ਜੁਲਾਈ 2021 ਤੋਂ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ, ਪਰ ਬੀ.ਐੱਮ.ਐੱਲ. ਦਫਤਰ ਵੱਲੋਂ ਅੱਜ ਤੱਕ ਸੇਵਾਮੁਕਤ ਤੇ ਮੌਜੂਦਾ ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਫਿਕਸ਼ੇਸ਼ਨ ਨਹੀਂ ਕੀਤੀ ਗਈ ਜਿਸ ਕਾਰਨ ਮੁਲਾਜ਼ਮਾਂ ਦੇ ਬਕਾਏ ਅੱਜ ਤੱਕ ਨਹੀਂ ਮਿਲੇ ਤੇ ਨਾ ਹੀ ਪੈਨਸ਼ਨਾਂ ਤੈਅ ਹੋਈਆਂ ਹਨ।
ਦਰਸ਼ਨ ਬੇਲੂਮਾਜਰਾ ਅਤੇ ਜਸਵੀਰ ਖੋਖਰ ਸਮੇਤ ਹੋਰ ਬੁਲਾਰਿਆਂ ਦਾ ਕਹਿਣਾ ਸੀ ਕਿ ਹੈੱਡ ਦੇ ਗੇਟ ਖਰਾਬ ਪਏ ਹਨ, ਕੁਆਰਟਰਾਂ ਦੀ ਹਾਲਤ ਖਸਤਾ ਹੈ ਜਿਸ ਦੀ ਰਿਪੇਅਰ ਨਹੀਂ ਕਰਵਾਈ ਜਾ ਰਹੀ। ਇਸ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਆਗੂਆਂ ਚਿਤਾਵਨੀ ਦਿੱਤੀ ਕਿ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ ਤੇ ਮਾਰਚ ਮਹੀਨੇ ਦੇ ਤਨਖਾਹ ਲਈ ਐੱਸ.ਐੱਨ.ਈ. ਦੀ ਮਨਜ਼ੂਰੀ ਮੁੱਖ ਦਫਤਰ ਤੋਂ ਲਈ ਜਾਵੇ, ਤਾਂ ਜੋ ਅਗਲੀ ਤਨਖਾਹ ਸਮੇਂ ਸਿਰ ਮਿਲ ਸਕੇ।
ਧਰਨੇ ਨੂੰ ਸੰਬੋਧਨ ਕਰਦਿਆਂ, ਕਰਮ ਸਿੰਘ ਰੋਹਟੀ, ਹਰਵੀਰ ਸੁਨਾਮ, ਕੁਲਦੀਪ ਸਿੰਘ ਘੱਗਾ, ਨਿਰਮਲ ਸਿੰਘ , ਹਰਚੰਦ ਸਿੰਘ ਫਤਿਹਗੜ੍ਹ ਸਾਹਿਬ, ਪਵਨ ਕੁਮਾਰ, ਲਖਵਿੰਦਰ ਸਿੰਘ ਪਟਿਆਲਾ, ਬਲਬੀਰ ਸਿੰਘ, ਦਵਿੰਦਰ ਸਿੰਘ ਗਰੇਵਾਲ ਅਤੇ ਰਾਜਿੰਦਰ ਸਿੰਘ ਭੱਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੀ ਸਰਕਾਰ ਵੱਲੋਂ ਸਿੰਜਾਈ ਵਿਭਾਗ ਦੀਆਂ ਕੱਟੀਆਂ ਗਈਆਂ 8700 ਅਸਾਮੀਆਂ ਤੁਰੰਤ ਬਹਾਲ ਕੀਤੀਆਂ ਜਾਣ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮ ਮਾਰੂ ਫੈਸਲਾ ਵਾਪਸ ਨਹੀਂ ਲਿਆ ਤਾਂ ਜਥੇਬੰਦੀ ਨੂੰ ਪੰਜਾਬ ਸਰਕਾਰ ਖਿਲਾਫ 6 ਅਪਰੈਲ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।