ਬਹਾਦਰ ਸਿੰਘ ਮਰਦਾਂਪੁਰ
ਘਨੌਰ, 4 ਮਾਰਚ
ਆਈਟੀ ਪਾਰਕ ਬਣਾਉਣ ਲਈ ਐਕੁਆਇਰ ਕੀਤੀ ਕਰੀਬ 1100 ਏਕੜ ਸ਼ਾਮਲਾਤ ਵੇਚਣ ਮਗਰੋਂ ਪ੍ਰਾਪਤ ਹੋਈ ਰਾਸ਼ੀ ਨੂੰ ਬੈਂਕਾਂ ਵਿੱਚੋਂ ਕਢਵਾਉਣ ਸਮੇਂ ਬੇਨਿਯਮੀਆਂ ਦੇ ਦੋਸ਼ ਹੇਠ ਪੇਂਡੂ ਵਿਕਾਸ ਅੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਪੰਜ ਪਿੰਡਾਂ ਪੱਬਰਾ, ਸੇਹਰਾ, ਸੇਹਰੀ, ਆਕੜੀ ਤੇ ਤਖਤੂਮਾਜਰਾ ਦੀਆਂ ਪੰਚਾਇਤਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਸਰਕਾਰ ਵੱਲੋਂ ਜਦੋਂ ਇਨ੍ਹਾਂ ਪਿੰਡਾਂ ਦੀ ਸ਼ਾਮਲਾਤ ਨੂੰ ਆਈ.ਟੀ ਪਾਰਕ ਲਈ ਐਕੁਆਇਰ ਕਰਨ ਦੀ ਤਜਵੀਜ਼ ਲਿਆਂਦੀ ਗਈ ਤਾਂ ਉਸ ਸਮੇਂ ਤੋਂ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਆਈਟੀ ਪਾਰਕ ਦੇ ਪ੍ਰਾਜੈਕਟ ਦਾ ਵਿਰੋਧ ਸ਼ੁਰੂ ਹੋਣ ਕਾਰਨ ਇਹ ਪ੍ਰਾਜੈਕਟ ਵਿਵਾਦਾਂ ਵਿੱਚ ਘਿਰਿਆ ਰਿਹਾ ਪਰ ਇਸੇ ਦੌਰਾਨ ਸਰਕਾਰ ਵੱਲੋਂ ਆਈ.ਟੀ ਪਾਰਕ ਲਈ ਇਨ੍ਹਾਂ ਪਿੰਡਾਂ ਦੀ 1100 ਏਕੜ ਸ਼ਾਮਲਾਟ ਜ਼ਮੀਨ ਐਕੁਆਇਰ ਕਰ ਲਈ ਗਈ।
ਜਾਣਕਾਰੀ ਅਨੁਸਾਰ ਹਲਕਾ ਘਨੌਰ ਦੇ ਬਲਾਕ ਸ਼ੰਭੂ ਕਲਾਂ ਅਧੀਨ ਆਉਂਦੀ ਗ੍ਰਾਮ ਪੰਚਾਇਤ ਪੱਬਰਾ, ਸੇਹਰਾ, ਸੇਹਰੀ, ਆਕੜੀ ਤੇ ਤਖਤੂਮਾਜਰਾ ਦੀ ਸ਼ਾਮਲਾਤ ਵੇਚਣ ਮਗਰੋਂ ਪ੍ਰਾਪਤ ਹੋਈ ਰਾਸ਼ੀ ਨਾਲ ਕਰਵਾਏ ਵਿਕਾਸ ਕਾਰਜਾਂ ਦੀ ਜਾਂਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਐੱਸ.ਏ.ਐੱਸ ਨਗਰ ਸੁਖਚੈਨ ਸਿੰਘ ਦੀ ਪ੍ਰਧਾਨਗੀ ਹੇਠ ਬਣੀ ਜਾਂਚ ਕਮੇਟੀ ਨੇ ਕੀਤੀ। ਜਾਂਚ ਰਿਪੋਰਟ ਅਨੁਸਾਰ ਇਨ੍ਹਾਂ ਪੰਚਾਇਤਾਂ ਨੇ ਇੱਕ ਦਿਨ ਵਿੱਚ ਬੈਂਕ ਖਾਤਿਆਂ ਵਿੱਚੋਂ ਲੱਖਾਂ ਰੁਪਏ ਕਢਵਾਏ ਹਨ ਪਰ ਕਿਸੇ ਵੀ ਪੰਚਾਇਤ ਵੱਲੋਂ ਵਿਕਾਸ ਕਾਰਜਾਂ ਦਾ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਜਾ ਸਕਿਆ ਅਤੇ ਨਾ ਹੀ ਕੋਈ ਤਕਨੀਕੀ ਤੇ ਪ੍ਰਬੰਧਕੀ ਪ੍ਰਵਾਨਗੀ ਲਈ ਗਈ।
ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਵੱਲੋਂ ਪਿੰਡ ਸੇਹਰਾ ਦੇ ਸਰਪੰਚ ਹਾਕਮ ਸਿੰਘ, ਪੰਚ ਮਲਕੀਤ ਸਿੰਘ, ਸਵਰਨ ਕੌਰ, ਗੁਰਮੀਤ ਕੌਰ, ਮੋਹਨਜੀਤ ਕੌਰ, ਰਵਿੰਦਰ ਸਿੰਘ ਤੇ ਹਰਦੀਪ ਸਿੰਘ, ਪਿੰਡ ਸੇਹਰੀ ਦੇ ਸਰਪੰਚ ਮਨਜੀਤ ਸਿੰਘ, ਪੰਚ ਗੁਰਪ੍ਰੀਤ ਸਿੰਘ, ਪਵਨਦੀਪ ਕੌਰ, ਜਤਿੰਦਰ ਰਾਣੀ, ਲਖਵੀਰ ਸਿੰਘ, ਪਿੰਡ ਆਕੜੀ ਦੇ ਸਰਪੰਚ ਹਰਪ੍ਰੀਤ ਕੌਰ, ਪੰਚ ਅਵਤਾਰ ਸਿੰਘ, ਚਰਨਜੀਤ ਕੌਰ, ਕੁਲਵਿੰਦਰ ਕੌਰ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਪਿੰਡ ਪੱਬਰਾ ਦੇ ਸਰਪੰਚ ਰਾਕੇਸ਼ ਰਾਣੀ, ਪੰਚ ਬਲਵੰਤ ਸਿੰਘ, ਗੁਰਮੀਤ ਕੌਰ, ਬੰਧਨਾ ਰਾਣੀ, ਅਨੀਤਾ ਰਾਣੀ, ਰਾਮ ਚੰਦ, ਕ੍ਰਿਸ਼ਨ ਪਾਲ, ਬਹਾਦਰ ਸਿੰਘ, ਪਿੰਡ ਤਖਤੂਮਾਜਰਾ ਦੇ ਸਰਪੰਚ ਹਰਸੰਗਤ ਸਿੰਘ, ਪੰਚ ਨਰੇਸ਼ ਕੁਮਾਰ, ਸੁਰਜੀਤ ਸਿੰਘ, ਜਸਵਿੰਦਰ ਕੌਰ, ਲਖਵਿੰਦਰ ਕੌਰ, ਸਵਰਨ ਕੌਰ, ਗੁਰਚਰਨ ਸਿੰਘ ਨੂੰ ਤੁਰੰਤ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਲਈ ਕਮੇਟੀ ਦੀ ਗਠਨ ਕੀਤਾ ਗਿਆ ਹੈ। ਉਕਤ ਪਿੰਡਾਂ ਦੇ ਮੁਅੱਤਲ ਕੀਤੇ ਗਏ ਸਰਪੰਚਾਂ ਤੇ ਪੰਚਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਰਬਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਗਠਿਤ ਪੜਤਾਲੀਆ ਕਮੇਟੀ ਕੋਲ 7 ਮਾਰਚ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ੰਭੂ ਕਲਾਂ ਵਿੱਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰ ਸਕਦੇ ਹਨ।
ਇਸੇ ਦੌਰਾਨ ਬੀਡੀਪੀਓ ਸ਼ੰਭੂ ਕਲਾਂ ਨੂੰ ਹਦਾਇਤ ਕੀਤੀ ਗਈ ਕਿ ਜਿਹੜੇ ਬੈਂਕਾਂ ਵਿੱਚ ਸਰਪੰਚਾਂ ਦੇ ਨਾਮ ’ਤੇ ਗ੍ਰਾਮ ਪੰਚਾਇਤ ਦੇ ਖਾਤੇ ਚਲਦੇ ਹਨ, ਉਹ ਤੁਰੰਤ ਸੀਲ ਕਰਕੇ ਉਸ ਪਾਸੋਂ ਚਾਰਜ ਲੈ ਕੇ ਰਿਪੋਰਟ ਇਸ ਦਫਤਰ ਨੂੰ ਭੇਜੀ ਜਾਵੇ।