ਅਸ਼ਵਨੀ ਗਰਗ
ਸਮਾਣਾ, 20 ਜੂਨ
ਛੋਟੋ-ਛੋਟੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਇੱਥੋਂ ਦੇ ਬੱਸ ਸਟੈਂਡ ਰੋਡ ’ਤੇ ਤਿੰਨ ਦੁਕਾਨਦਾਰਾਂ ਕੋਲੋਂ ਬੱਚਿਆਂ ਨੂੰ ਮੁਕਤ ਕਰਵਾਇਆ ਗਿਆ। ਇਹ ਕਾਰਵਾਈ ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਰਣਜੀਤ ਕੌਰ ਵੱਲੋਂ ਕੀਤੀ ਗਈ। ਹਾਲਾਂਕਿ ਉਨ੍ਹਾਂ ਦੇ ਆਉਣ ਦੀ ਅਗਾਂਹ ਸੂਚਨਾ ਕਾਰਨ ਇਹ ਕਾਰਵਾਈ ਦਿਖਾਵਾ ਮਾਤਰ ਹੀ ਰਹੀ ਜਦੋਂਕਿ ਬਹੁਤੇ ਦੁਕਾਨਦਾਰ ਕਾਰਵਾਈ ਦੀ ਜਾਣਕਾਰੀ ਮਿਲਣ ਕਾਰਨ ਦੁਕਾਨਾਂ ’ਤੇ ਰੱਖੇ ਛੋਟੇ ਬੱਚਿਆਂ ਨੂੰ ਇੱਧਰ-ਉੱਧਰ ਭੇਜ ਚੁੱਕੇ ਸਨ।
ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਰਣਜੀਤ ਕੌਰ ਦੀ ਅਗਵਾਈ ਹੇਠ ਚਾਈਲਡ ਵੈਲਫੇਅਰ ਕਮੇਟੀ ਮੈਂਬਰ ਜਸਵਿੰਦਰ ਕੌਰ, ਡਾ. ਨਰੇਸ਼ ਬਾਂਸਲ, ਮਾਸਟਰ ਸ਼ਿਵ ਕੁਮਾਰ, ਮਾਸਟਰ ਮਨੋਜ ਕੁਮਾਰ ਅਤੇ ਪੁਲੀਸ ਪਾਰਟੀ ਨੇ ਸਥਾਨਕ ਬੱਸ ਸਟੈਂਡ ਰੋਡ ’ਤੇ ਸਥਿਤ ਦੁਕਾਨਾਂ ’ਤੇ ਛਾਪੇ ਮਾਰ ਕੇ ਤਿੰਨ ਦੁਕਾਨਦਾਰਾਂ ਦੇ ਚਲਾਨ ਕੱਟੇ ਜੋ ਬੱਚਿਆਂ ਤੋਂ ਮਜ਼ਦੂਰੀ ਕਰਵਾ ਰਹੇ ਸਨ। ਇਨ੍ਹਾਂ ਵਿਚ ਇੱਕ ਜੂਸ ਦੀ ਦੁਕਾਨ, ਕਰਿਆਣੇ ਦੀ ਦੁਕਾਨ ਤੇ ਇੱਕ ਡੇਅਰੀ ਮਾਲਕ ਸ਼ਾਮਲ ਹਨ। ਰਣਜੀਤ ਕੌਰ ਨੇ ਦੱਸਿਆ ਕਿ 18 ਸਾਲ ਤੋਂ ਛੋਟੀ ਉਮਰ ਦੇ ਬੱਚੇ ਤੋਂ ਅਜਿਹਾ ਕੰਮ ਕਰਵਾਉਣ ਗੈਰ ਕਾਨੂੰਨੀ ਹੈ,ਜਿਸ ਕਾਰਨ ਇਨ੍ਹਾਂ ਛੋਟੇ ਛੋਟੇ ਬੱਚਿਆਂ ਦਾ ਬਚਪਨ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਬੱਚਿਆਂ ਨੂੰ ਸਕੂਲ ਭੇਜਣ ਦਾ ਵੀ ਉਪਰਾਲਾ ਕਰਨ ਦੀ ਗੱਲ ਆਖੀ।