ਪੱਤਰ ਪ੍ਰੇਰਕ
ਪਾਤੜਾਂ, 29 ਜੂਨ
ਟਰੈਫਿਕ ਪੁਲੀਸ ਪਾਤੜਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾ ਰਹੀ ਸਖਤ ਕਾਰਵਾਈ ਦੇ ਚੱਲਦਿਆਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਦੁਗਾਲ ਬਾਈਪਾਸ ਚੌਕ ਦੇ ਪੁਲ ਹੇਠ ਰੋਕੀਆਂ ਜਾਂਦੀਆਂ ਤੂੜੀ ਵੇਚਣ ਵਾਲਿਆਂ ਦੀਆਂ ਭੁੰਗ ਵਾਲੀਆਂ ਟਰਾਲੀਆਂ ਦੇ ਚਲਾਨ ਕੱਟੇ ਗਏ। ਟਰੈਫਿਕ ਪੁਲੀਸ ਪਾਤੜਾਂ ਦੇ ਇੰਚਾਰਜ ਹਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਤੂੜੀ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ ਟਰਾਲੀਆਂ ਨੈਸ਼ਨਲ ਹਾਈਵੇਅ ਦੇ ਪੁਲ ਹੇਠਾਂ ਰੋਕੀਆਂ ਜਾਂਦੀਆਂ ਹਨ ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪੈਣ ਕਰਕੇ ਸੜਕ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪੁਲ ਹੇਠਾਂ ਖੜ੍ਹੀਆਂ ਕਈ ਟਰਾਲੀਆਂ ਦੇ ਚਲਾਨ ਕੱਟੇ ਗਏ ਹਨ। ਇਸ ਮੌਕੇ ਹੌਲਦਾਰ ਜਸਪਾਲ ਸਿੰਘ, ਰਾਜੇਸ਼ ਕੁਮਾਰ ਅਤੇ ਰਘਵੀਰ ਸਿੰਘ ਹਾਜ਼ਰ ਸਨ।