ਪੱਤਰ ਪ੍ਰੇਰਕ
ਪਾਤੜਾਂ, 8 ਜੁਲਾਈ
ਪਟਿਆਲਾ ਦੇ ਟਾਂਗਰੀ ਜਲ ਵਿਕਾਸ ਕਮ ਮਾਈਨਿੰਗ ਉਪ ਮੰਡਲ ਅਫਸਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਗੁਲਾਹੜ ਦੇ ਨੀਵੇਂ ਇਲਾਕਿਆਂ ’ਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਪੁਲ਼ੀਆਂ ਨੂੰ ਕੁਝ ਲੋਕਾਂ ਨੇ ਮਿੱਟੀ ਪਾ ਕੇ ਬੰਦ ਕਰ ਦਿੱਤਾ ਸੀ, ਜਿਨ੍ਹਾਂ ਨੂੰ ਖੋਲ੍ਹਣ ਲਈ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਮਨਜੀਤ ਸਿੰਘ ਦੀ ਅਗਵਾਈ ਹੇਠ ਡਰੇਨੇਜ਼ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਇਸੇ ਦੌਰਾਨ ਪਿੰਡ ਦੇ ਕੁਝ ਵਿਅਕਤੀਆਂ ਨੇ ਅਧਿਕਾਰੀਆਂ ਨੂੰ ਪੁਲ਼ੀਆਂ ਖੋਲ੍ਹਣ ਤੋਂ ਰੋਕ ਦਿੱਤਾ। ਮੌਕੇ ’ਤੇ ਹਾਜ਼ਰ ਡਿਊਟੀ ਮੈਜਿਸਟ੍ਰੇਟ ਤੇ ਥਾਣਾ ਮੁਖੀ ਸ਼ੁਤਰਾਣਾ ਨੇ ਸਰਕਾਰੀ ਕੰਮ ਵਿੱਚ ਵਿਘਨ ਨਾ ਪਾਉਣ ਲਈ ਆਖਿਆ ਪਰ ਪਿੰਡ ਵਾਸੀ ਆਪਣੀ ਜ਼ਿੱਦ ’ਤੇ ਅੜੇ ਰਹੇ ਤੇ ਪ੍ਰਸ਼ਾਸਨ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ ’ਤੇ ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸਰ ਨਿਸ਼ਾਂਤ ਗਰਗ ਨੇ ਸ਼ੁਤਰਾਣਾ ਪੁਲੀਸ ਕੋਲ਼ ਲਿਖਤੀ ਸ਼ਿਕਾਇਤ ਕੀਤੀ। ਥਾਣਾ ਮੁਖੀ ਸ਼ੁਤਰਾਣਾ ਸਬ. ਇੰਸ. ਮੋਹਣ ਸਿੰਘ ਨੇ ਕਿਹਾ ਕਿ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਜਿੰਦਰ ਸਿੰਘ, ਅਰਸ਼ਦੀਪ ਸਿੰਘ, ਅਕਾਸ਼ਦੀਪ ਸਿੰਘ, ਸ਼ਿੰਦੋ, ਜਿੰਦੀ ਸਾਰੇ ਵਾਸੀ ਪਿੰਡ ਗੁਲਾਹੜ ਦੇ ਖਿਲਾਫ ਸਰਕਾਰੀ ਕੰਮ ’ਚ ਰੁਕਾਵਟ ਪਾਉਣ, ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਦੇ ਦੋਸ਼ਾਂ ਹੇਠ ਕੇਸ ਕਰ ਲਿਆ ਹੈ।