ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 13 ਮਾਰਚ
ਇੱਥੇ ਮਾਰਕਸਮੈਨ ਸ਼ੂਟਿੰਗ ਅਕੈਡਮੀ ਵਿੱਚ 21ਵੀਂ ਪੰਜਾਬ ਅੰਤਰ ਸਕੂਲ ਨਿਸ਼ਾਨੇਬਾਜ਼ੀ ਚੈਪੀਅਨਸ਼ਿੱਪ ਕਰਵਾਈ ਗਈ। ਜਿਸ ਵਿੱਚ ਸੂਬੇ ਭਰ ’ਚੋਂ 380 ਦੇ ਕਰੀਬ ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ। ਇਨਾਮ ਵੰਡਣ ਦੀ ਰਸਮ ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ੀ ਹਰਵੀਨ ਸਰਾਓ ਐੱਸ.ਪੀ. (ਫਸਟ ਆਈ.ਆਰ.ਬੀ.) ਪਟਿਆਲਾ ਤੇ ਅਮਨਪ੍ਰੀਤ ਸਿੰਘ ਰਾਸ਼ਟਰਮੰਡਲ ਤੇ ਵਿਸ਼ਵ ਕੱਪ ਦੇ ਤਗਮਾ ਜੇਤੂ ਨੇ ਅਦਾ ਕੀਤੀ। ਇਸ ਚੈਪੀਅਨਸ਼ਿਪ ਦੇ ਜੂਨੀਅਰ ਵਰਗ ਦੇ ਪੀਪ ਸਾਈਟ ਏਅਰ ਰਾਈਫਲ ਮੁਕਾਬਲੇ ’ਚ ਹਰਮਨਜੋਤ ਸਿੰਘ ਸੰਧੂ ਮੁਹਾਲੀ, ਸਬ ਜੂਨੀਅਰ ਵਰਗ ’ਚ ਅਰੁਨਦੀਪ ਸਿੰਘ ਅਹੂਜਾ ਸੰਗਰੂਰ, ਔਰਤਾਂ ਦੇ ਜੂਨੀਅਰ ਵਰਗ ’ਚ ਤਨਵੀ ਆਨੰਦ , ਸਬ-ਜੂਨੀਅਰ ਵਰਗ ’ਚ ਭਵਨੂਰ ਕੌਰ ਬਰਾੜ ਪਹਿਲੇ ਸਥਾਨ ’ਤੇ ਰਹੀ। ਏਅਰ ਪਿਸਟਲ ਦੇ ਜੂਨੀਅਰ ਵਰਗ ’ਚ ਗੁਰਦੀਪ ਸਿੰਘ, ਸਬ-ਜੂਨੀਅਰ ਵਰਗ ’ਚ ਪਰਵੇਜ਼ ਸੰਧੂ , ਲੜਕੀਆਂ ਦੇ ਜੂਨੀਅਰ ਵਰਗ ’ਚ ਜਸਮਨ ਕੈਲੇ, ਸਬ ਜੂਨੀਅਰ ਵਰਗ ’ਚ ਹਰਸੀਰਤ ਕੌਰ, ਆਈ.ਐੱਸ.ਐੱਸ.ਐੱਫ. ਜੂਨੀਅਰ ਵਰਗ ’ਚ ਮਾਨਵ ਸਿੰਘ, ਲੜਕੀਆਂ ਦੇ ਵਰਗ ’ਚ ਹਰਨਵਦੀਪ ਕੌਰ ਅੱਵਲ ਰਹੀ। ਪੀਪ ਸਾਈਟ ਏਅਰ ਰਾਈਫਲ ਆਈ.ਐੱਸ.ਐੱਸ.ਐਫ. ਜੂਨੀਅਰ ਵਰਗ ’ਚ ਜਗਤੇਸ਼ਵਰ ਸਿੰਘ ਤੇ ਲੜਕੀਆਂ ਦੇ ਜੂਨੀਅਰ ਵਰਗ ’ਚ ਭੂਮੀ ਕੌਲ ਨੇ ਸੋਨ ਤਗਮਾ ਜਿੱਤਿਆ। ਹਰਮਨਜੋਤ ਸਿੰਘ ਸੰਧੂ ਨੇ ਸਰਵੋਤਮ ਪ੍ਰਦਰਸ਼ਨ ਕੀਤਾ।