ਖੇਤਰੀ ਪ੍ਰਤੀਨਿਧ
ਪਟਿਆਲਾ, 7 ਸਤੰਬਰ
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਜ਼ਿਲ੍ਹੇ ਅੰਦਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੇ ਸਮੁੱਚੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀਆਂ ਬੈਂਕਾਂ ਵਿੱਚ ਕਰਜ਼ੇ ਨਾਲ ਸਬੰਧਤ ਪੈਂਡਿੰਗ ਚੱਲੇ ਆ ਰਹੇ ਮਸਲਿਆਂ ਦਾ ਤੁਰੰਤ ਨਿਪਟਾਰਾ ਕਰਨ। ਉਹ ਅੱਜ ਇੱਥੇ ਲੀਡ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਦੀ ਜ਼ਿਲ੍ਹਾ ਪੱਧਰੀ ਰੀਵਿਊ ਕਮੇਟੀ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਕਰਵਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੇ ਸਮੁੱਚੇ ਬੈਂਕਾਂ ਦੀ ਸੁਰੱਖਿਆ ਅਤੇ ਕਾਰਜਪ੍ਰਣਾਲੀ ਦਾ ਜਾਇਜ਼ਾ ਵੀ ਲਿਆ।
ਏਡੀਸੀ ਨੇ ਬੈਂਕਿੰਗ ਮਸਲਿਆਂ ਨੂੰ ਪੈਂਡਿੰਗ ਰੱਖਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਕਿਸੇ ਕੇਸ ਵਿੱਚ ਕੁੱਝ ਨੁਕਸ ਸਾਹਮਣੇ ਆਉਂਦਾ ਹੈ ਤਾਂ ਇਸ ਸਬੰਧੀ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕਰਜ਼ਿਆਂ ਸਬੰਧੀ ਬੈਂਕਾਂ ਵਿੱਚ ਪੈਂਡਿੰਗ ਪਏ ਕੇਸਾਂ ਦਾ 10 ਦਿਨਾਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖਪਤਕਾਰਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਸਮੇਂ ਸੰਵੇਦਨਸ਼ੀਲ ਰਵੱਈਆ ਅਪਨਾਉਣ। ਇਸ ਮੌਕੇ ਲੀਡ ਬੈਂਕ ਵੱਲੋਂ ਸਾਲਾਨਾ ਕ੍ਰੈਡਿਟ ਪਲਾਨ ਵੀ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਏਡੀਸੀ ਨੇ ਜ਼ਿਲ੍ਹੇ ਅੰਦਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੇ ਸਮੁੱਚੇ ਬੈਂਕਾਂ ਦੀ ਸੁਰੱਖਿਆ ਅਤੇ ਕਾਰਜਪ੍ਰਣਾਲੀ ਦਾ ਜਾਇਜ਼ਾ ਵੀ ਲਿਆ। ਏਡੀਸੀ ਨੇ ਬੈਂਕਾਂ ਸਮੇਤ ਕਰੰਸੀ ਚੈਸਟ, ਏਟੀਐਮਜ਼ ਅਤੇ ਨਕਦੀ ਵਾਲੇ ਵਾਹਨਾਂ ਦੀ ਸੁਰੱਖਿਆ ਲਈ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਮੌਕੇ ਲੀਡ ਬੈਂਕ ਦੇ ਮੈਨੇਜਰ ਦਵਿੰਦਰ ਕੁਮਾਰ ਨੇ ਮੀਟਿੰਗ ਦੀ ਕਾਰਵਾਈ ਚਲਾਈ। ਮੀਟਿੰਗ ਵਿੱਚ ਐੱਸ.ਪੀ. (ਹੈੱਡਕੁਆਰਟਰ) ਹਰਵੰਤ ਕੌਰ, ਡਿਪਟੀ ਡਾਇਰੈਕਟਰ (ਡੇਅਰੀ ਵਿਕਾਸ) ਜਸਵਿੰਦਰ ਸਿੰਘ, ਆਰਸੇਟੀ ਦੇ ਡਾਇਰੈਕਟਰ ਰਾਜੀਵ ਸਰਹੰਦੀ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।