ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਕਤੂਬਰ
ਮਾਲ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਮੀਨਾਂ ਦੇ ਇੰਤਕਾਲ ਅਤੇ ਤਕਸੀਮਾਂ ਦੇ ਬਕਾਇਆ ਪਏ ਮਾਮਲਿਆਂ ਦਾ ਨਿਪਟਾਰਾ ਤੈਅ ਸਮੇਂ ਵਿੱਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਮਾਲ ਅਧਿਕਾਰੀਆਂ ਕੋਲ ਲੰਬਿਤ ਪਏ ਇੰਤਕਾਲ ਦੇ ਕੇਸਾਂ, ਜਮ੍ਹਾਂਬੰਦੀਆਂ ਦੀ ਵੈਲੀਡੇਸ਼ਨ, ਪੜਤਾਲਾਂ, ਸੀਨੀਅਰ ਸਿਟੀਜ਼ਨਾਂ ਦੀਆਂ ਸ਼ਿਕਾਇਤਾਂ, ਪੈਮਾਇਸ਼ਾਂ, ਤਕਸੀਮਾਂ, ਭਾਰ-ਮੁਕਤ ਅਰਜ਼ੀਆਂ ਤੇ ਮਾਲੀਆ ਵਸੂਲੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਚੌਕੀਦਾਰ ਟੈਕਸ ਵਿੱਚ ਘਨੌਰ ਅਤੇ ਭਾਦਸੋਂ ਵੱਲੋਂ ਦਿਖਾਈ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਜਦਕਿ ਰਿਕਵਰੀ ਵਿਚ ਪਟਿਆਲਾ, ਰਾਜਪੁਰਾ, ਪਾਤੜਾਂ ਤੇ ਨਾਭਾ ਵੱਲੋਂ ਮਿਥੇ ਟੀਚੇ ਪੂਰੇ ਕਰਨ ’ਤੇ ਪ੍ਰਸ਼ੰਸਾ ਕਰਦਿਆਂ ਹੋਰਨਾਂ ਅਧਿਕਾਰੀਆਂ ਨੂੰ ਵੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਕਿਹਾ। ਇਸ ਮੌਕੇ ਸਬ ਰਜਿਸਟਰਾਰ ਪਟਿਆਲਾ ਕਰੁਣ ਗੁਪਤਾ ਵੱਲੋਂ ਸਤੰਬਰ ਦੇ ਰਿਕਵਰੀ ਕੇਸਾਂ ਵਿੱਚ ਦਿਖਾਈ ਬਿਹਤਰ ਕਾਰਗੁਜ਼ਾਰੀ ਲਈ ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ੰਸਾ ਪੱਤਰ ਵੀ ਸੌਪਿਆ ਗਿਆ। ਮੀਟਿੰਗ ਵਿੱਚ ਐੱਸਡੀਐੱਮਜ਼ ਡਾ. ਇਸਮਿਤ ਵਿਜੈ ਸਿੰਘ, ਚਰਨਜੀਤ ਸਿੰਘ, ਸੰਜੀਵ ਕੁਮਾਰ, ਕੰਨੂ ਗਰਗ, ਨਵਦੀਪ ਕੁਮਾਰ, ਕਿਰਪਾਲਵੀਰ ਸਿੰਘ ਮੌਜੂਦ ਸਨ।