ਹਰਦੀਪ ਸਿੰਘ ਭੰਗੂ
ਭਾਦਸੋਂ, 13 ਸਤੰਬਰ
ਭਗਵੰਤ ਮਾਨ ਸਰਕਾਰ ਵੱਲੋਂ ਇਕ ਪਾਸੇ ਤਾਂ ਸਕੂਲਾਂ ਨੂੰ ‘ਸਮਾਰਟ’ ਬਣਾਉਣ ਦੀ ਗੱਲ ਕਰਕੇ ਪੰਜਾਬ ਵਿੱਚ ਚੋਣਾਂ ਜਿੱਤੀਆਂ ਸਨ ਅਤੇ ਇਸ ਦੇ ਉਲਟ ਵਿਦਿਅਕ ਸੰਸਥਾਵਾਂ ਦੇ ਨਜ਼ਦੀਕ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਇਸੇ ਤਰ੍ਹਾਂ ਦੀ ਉਦਾਹਰਣ ਭਾਦਸੋਂ ਵਿਖੇ ਸਰਕਾਰੀ ਸਕੂਲ ਦੇ ਨਜ਼ਦੀਕ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਤੋਂ ਦੇਖਣ ਨੂੰ ਮਿਲੀ। ਐਕਸਾਈਜ਼ ਨੀਤੀ ਤਹਿਤ ਕੋਈ ਵੀ ਧਾਰਮਿਕ ਜਾਂ ਵਿਦਿਅਕ ਸੰਸਥਾ ਦੇ ਨਜ਼ਦੀਕ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ ਪਰ ਭਾਦਸੋਂ ਵਿਖੇ ਵਿਦਿਅਕ ਸੰਸਥਾ ਨਜ਼ਦੀਕ ਖੁੱਲ੍ਹੇ ਠੇਕੇ ਤੋਂ ਜਾਪਦਾ ਹੈ ਕਿ ਜਾਂ ਤਾਂ ਸਬੰਧਤ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਜਾਂ ਫਿਰ ਇਨ੍ਹਾਂ ਦੀ ਮਿਲੀਭੁਗਤ ਨਾਲ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਇਨ੍ਹਾਂ ਸ਼ਰਾਬ ਦੇ ਠੇਕੇਦਾਰਾਂ ਵਲੋਂ ਸਰਕਾਰ ਦੁਆਰਾ ਮਿਥੇ ਰੇਟ ਤੋਂ ਵੱਧ ਭਾਅ ’ਤੇ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ।
ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ’ਚ ਬਹੁਤ ਫਰਕ ਹੈ ਕਿਥੇ ਤਾਂ ਚੋਣਾਂ ਵੇਲੇ ਆਮ ਆਦਮੀ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਕੀਤੀ ਜਾ ਰਹੀ ਸੀ ਅਤੇ ਕਿਥੇ ਇਨ੍ਹਾਂ ਦੇ ਨੇੜੇ ਠੇਕੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਇਨ੍ਹਾਂ ਵਿਦਿਅਕ ਜਾਂ ਧਾਰਮਿਕ ਸੰਸਥਾ ਨਜ਼ਦੀਕ ਖੋਲ੍ਹੇ ਗਏ ਸ਼ਰਾਬ ਦੇ ਠੇਕਿਆਂ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਸਬੰਧੀ ਜਦੋਂ ਮਹਿਕਮੇ ਦੇ ਅਧਿਕਾਰੀ ਇੰਸਪੈਕਟਰ ਚਰਨਜੀਤ ਕੌਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਮੋਬਾਇਲ ਸਵਿੱਚ ਆਫ ਹੋਣ ਕਾਰਨ ਗੱਲ ਨਹੀਂ ਹੋ ਸਕੀ। ਇਸ ਸਬੰਧੀ ਈ.ਟੀ.ਓ ਰੋਹਿਤ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ ਦੇ ਨੇੜੇ ਖੁੱਲ੍ਹੇ ਠੇਕੇ ਬਾਰੇ ਉਹ ਚੈੱਕ ਕਰਵਾ ਦੇਣਗੇ। ਮਿਥੇ ਰੇਟ ਤੋਂ ਵੱਧ ਰੇਟ ਸ਼ਰਾਬ ਵੇਚਣ ਬਾਰੇ ਉਨ੍ਹਾਂ ਕਿਹਾ ਕਿ ਸ਼ਰਾਬ ਮਿਥੇ ਰੇਟ ਤੋਂ ਘੱਟ ਨਹੀਂ ਵੇਚੀ ਜਾ ਸਕਦੀ ਪਰ ਥੋੜਾ ਬਹੁਤਾ ਵੱਧ ਰੇਟ ’ਤੇ ਸ਼ਰਾਬ ਵੇਚ ਸਕਦੇ ਹਨ ਕਿਉਂਕਿ ਜਿਲਾ ਪੱਧਰ ਉਤੇ ਵੱਖ-ਵੱਖ ਰੇਟ ਹੋ ਸਕਦੇ ਹਨ।