ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 16 ਮਈ
ਇਥੋਂ ਦੇ ਸ਼ਹਿਰੀ ਖੇਤਰ ਨੇੜਿਉਂ ਗੁਜ਼ਰਦੇ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹ ਰਾਹ ’ਤੇ ਕਰੀਬ ਦੋ ਦਹਾਕੇ ਪਹਿਲਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਰਾਜਪੁਰਾ ਦੇ ਮਾਡਰਨ ਬੱਸ ਸਟੈਂਡ ਤੋਂ 14 ਅਪਰੈਲ ਨੂੰ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਉਪਰਾਲੇ ਨਾਲ ਅੰਮ੍ਰਿਤਸਰ, ਲੁਧਿਆਣਾ, ਸਰਹਿੰਦ, ਪਟਿਆਲਾ, ਬਠਿੰਡਾ ਲਈ ਬੱਸਾਂ ਚੱਲਣ ਦੀ ਸ਼ੁਰੂਆਤ ਨਾਲ ਬੱਸ ਸਟੈਂਡ ਦੇ ਭਾਗ ਖੁਲ੍ਹਣ ਦੀ ਜਾਗੀ ਆਸ ਮੁੜ ਟੁੱਟਣ ਲੱਗੀ ਹੈ। 14 ਅਪਰੈਲ ਨੂੰ ਹਲਕਾ ਵਿਧਾਇਕ ਨੀਨਾ ਮਿੱਤਲ ਵੱਲੋਂ ਪ੍ਰਭਾਵਸ਼ਾਲੀ ਸਮਾਰੋਹ ਕਰਕੇ ਦੋ ਵਾਰ ਦੇ ਉਦਘਾਟਨਾਂ ਉਪਰੰਤ ਤੀਜੀ ਵਾਰ ਬੱਸ ਸਟੈਂਡ ਦੀ ਸ਼ੁਰੂਆਤ ਕੀਤੀ ਗਈ। ਪ੍ਰੰਤੂ ਇੱਕ ਮਹੀਨੇ ਬਾਅਦ ਹੁਣ ਫਿਰ ਬੱਸਾਂ ਬੱਸ ਸਟੈਂਡ ਅੰਦਰੋਂ ਸਵਾਰੀਆਂ ਚੁੱਕਣ ਦੀ ਬਜਾਏ ਉਹੀ ਪੁਰਾਣੀ ਥਾਂ ਗਗਨ ਚੌਕ ਦੇ ਸੜਕ ਕਿਨਾਰਿਉਂ ਸਵਾਰੀਆਂ ਚੁੱਕਣ ਲੱਗੀਆਂ ਹਨ ਜਿਥੇ ਲੋਕ ਖੁੱਲੇ ਆਸਮਾਨ ਹੇਠ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੌੜ ਕੇ ਬੱਸਾਂ ’ਤੇ ਚੜ੍ਹਦੇ ਤੇ ਉਤਰਦੇ ਹਨ। ਦੱਸਣਯੋਗ ਹੈ ਕਿ ਕਰੀਬ ਚਾਰ ਏਕੜ ਤੋਂ ਵੱਧ ਰਕਬੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਦੋ ਦਹਾਕੇ ਪਹਿਲਾਂ ਉਸਾਰੇ ਇਸ ਬੱਸ ਸਟੈਂਡ ਦਾ 27 ਦਸੰਬਰ 2006 ਅਤੇ 18 ਦਸੰਬਰ 2008 ਨੂੰ ਦੋ ਵਾਰ ਉਦਘਾਟਨ ਹੋ ਚੁੱਕਿਆ ਸੀ। ਪ੍ਰੰਤੂ ਬੱਸ ਸਟੈਂਡ ਆਬਾਦ ਨਾ ਹੋ ਸਕਿਆ। ਬੱਸਾਂ ਬੱਸ ਸਟੈਂਡ ਜਾਣ ਦੀ ਬਜਾਏ ਸੜਕ ਕਿਨਾਰੇ ਖੜ੍ਹੀਆਂ ਸਵਾਰੀਆਂ ਨੂੰ ਹੀ ਚੁੱਕਦੀਆਂ ਰਹੀਆਂ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਬੱਸ ਸਟੈਂਡ ਨੂੰ ਆਬਾਦ ਕਰਨ ਲਈ ਸਖ਼ਤੀ ਦਾ ਰੁਖ ਅਖਤਿਆਰ ਕਰੇ। ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਉਹ ਕਾਰਜਸਾਧਕ ਅਧਿਕਾਰੀ ਨੂੰ ਨਾਲ ਲੈ ਕੇ ਡੀਐਸਪੀ ਰਾਜਪੁਰਾ ਨੂੰ ਮਿਲਣਗੇ। ਤਾਂ ਜੋ ਗਗਨ ਚੌਕ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕਰਕੇ ਸੜਕ ਕਿਨਾਰੇ ਬੱਸਾਂ ਖੜ੍ਹੀਆਂ ਹੋਣ ਤੋਂ ਰੋਕਿਆ ਜਾਵੇ ਤੇ ਇਹ ਬੱਸਾਂ ਅੱਡੇ ’ਚ ਭੇਜੀਆਂ ਜਾਣ।