ਪੱਤਰ ਪ੍ਰੇਰਕ
ਰਾਜਪੁਰਾ, 1 ਜੁਲਾਈ
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਵੱਲੋਂ ਰਾਜਪੁਰਾ ਦੇ ਆਨੰਦ ਨਗਰ ਅਤੇ ਧਮੌਲੀ ਕਲੋਨੀਆਂ ਵਿੱਚ ਜਨਤਕ ਵੰਡ ਪ੍ਰਣਾਲੀ ਤਹਿਤ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਰਾਸ਼ਨ ਡਿੱਪੂਆਂ ’ਤੇ ਲਾਭਪਾਤਰੀਆਂ ਨੂੰ ਵੰਡੀ ਜਾ ਰਹੀ ਕਣਕ ਦਾ ਨਿਰੀਖਣ ਕੀਤਾ।
ਇਸ ਮੌਕੇ ਏ.ਐੱਫ.ਐੱਸ.ਓ. ਵਿਕਰਮਜੀਤ ਸਿੰਘ ਚਹਿਲ ਅਤੇ ਨਿਰੀਖਕ ਵੰਡ ਨਰਪਿੰਦਰ ਸਿੰਘ ਵੀ ਮੌਜੂਦ ਸਨ। ਪ੍ਰੀਤੀ ਚਾਵਲਾ ਨੇ ਇੱਥੇ ਮੌਜੂਦ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਸੁਣੇ ਅਤੇ ਕਣਕ ਦੀ ਵੰਡ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਪ੍ਰੀਤੀ ਚਾਵਲਾ ਨੇ ਕਿਹਾ ਕਿ ਰਾਜ ਦੇ ਲਾਭਪਾਤਰੀਆਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਸਮਾਰਟ ਕਾਰਡ ਸਕੀਮ ਜ਼ਰੀਏ ਵੰਡੀ ਜਾਂਦੀ ਕਣਕ ਤੇ ਹੋਰ ਸਮੱਗਰੀ ਪ੍ਰਤੀ ਜੇਕਰ ਕੋਈ ਸ਼ਿਕਾਇਤ ਹੋਵੇ ਤਾਂ ਉਹ ਪੰਜਾਬ ਰਾਜ ਖੁਰਾਕ ਕਮਿਸ਼ਨ ਕੋਲ ਦਰਜ ਕਰਵਾਈ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਸਮੇਤ ਡਿੱਪੂ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਕਣਕ ਦੀ ਵੰਡ ਸਹੀ ਹੋਵੇ ਅਤੇ ਕਣਕ ਵੰਡਣ ਦਾ ਸਮਾਂ ਨਿਰਧਾਰਿਤ ਕੀਤਾ ਜਾਵੇ। ਸਾਰੇ ਰਾਸ਼ਨ ਡਿੱਪੂਆਂ ’ਤੇ ਸਬੰਧਤ ਅਧਿਕਾਰੀਆਂ ਦੇ ਨਾਮ ਤੇ ਫੋਨ ਨੰਬਰ ਲਿਖੇ ਹੋਣ। ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਅਸਲ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਵਿੱਚ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।