ਖੇਤਰੀ ਪ੍ਰਤੀਨਿਧ
ਪਟਿਆਲਾ, 16 ਜੁਲਾਈ
ਘਰਾਂ ਦੇ ਨੇੜੇ ਹੀ ਲੋਕਾਂ ਨੂੰ ਮਿਆਰੀ ਇਲਾਜ ਸੁਵਿਧਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਹਰੇਕ ਵਿਧਾਨ ਸਭਾ ਹਲਕੇ ਵਿੱਚ ਮੁਹੱਲਾ ਕਲੀਨਿਕ ਸਥਾਪਤ ਕਰਨ ਦੇ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਤਹਿਤ ਪਟਿਆਲਾ ਜ਼ਿਲ੍ਹੇ ’ਚ ਅਜਿਹੇ ਕਲੀਨਿਕਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਕੜੀ ਵਜੋਂ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਦੇ ਅਧੀਨ ਪੈਂਦੇ ਭਾਸ਼ਾ ਵਿਭਾਗ ਦਫਤਰ ਦੇ ਕੰਪਲੈਕਸ ’ਚ ਸਥਾਪਤ ਸੇਵਾ ਕੇਂਦਰ ਦੀ ਇਮਾਰਤ ਨੂੰ ਨਵੇਂ ਮੁਹੱਲਾ ਕਲੀਨਿਕ ’ਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਦੇ ਨਿਰਮਾਣ ਕਾਰਜਾਂ ਦਾ ਅੱਜ ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਜਾਇਜ਼ਾ ਲਿਆ ਗਿਆ।
ਇਸ ਦੌਰਾਨ ਸਿਵਲ ਸਰਜਨ ਨੇ ਕਿਹਾ ਕਿ ਮੁਹੱਲਾ ਕਲੀਨਿਕ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਵੱਲੋਂ ਉਸਾਰੀ ਅਧੀਨ ਬਿਲਡਿੰਗਾਂ ਦਾ ਲਾਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਮਿਥੇ ਸਮੇਂ ਵਿੱਚ ਇਨ੍ਹਾਂ ਦੀ ਉਸਾਰੀ ਕਰਵਾ ਕੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਨਵਾਂ ਤੇ ਮਹੱਤਵਪੂਰਨ ਉਪਰਾਲਾ ਹੈ, ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਬੁਨਿਆਦੀ ਇਲਾਜ ਦੀਆਂ ਸੁਵਿਧਾਵਾਂ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਪਟਿਆਲਾ ਜ਼ਿਲ੍ਹੇ ’ਚ ਪਟਿਆਲਾ ਦਿਹਾਤੀ ਦੇ ਪਿੰਡ ਝਿੱਲ, ਸ਼ਹਿਰੀ ਦੇ ਖੇਤਰ ਭਾਂਸ਼ਾ ਵਿਭਾਗ ਦੇ ਦਫਤਰੀ ਕੰਪਲੈਕਸ ਅਤੇ ਨਾਭਾ ਵਿਖੇ ਦੇ ਤਿੰਨ ਨਵੇਂ ਬਣਾਏ ਜਾ ਰਹੇ ਹਨ।