ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਜੁਲਾਈ
ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਨਹਿਰੀ ਵਿਭਾਗ ਦੇ ਐਕਸੀਅਨ ਹਰਸ਼ਪ੍ਰੀਤ ਸਿੰਘ ਅਤੇ ਐੱਸਡੀਓ ਹੇਮੰਤ ਘਈ ਸਣੇ ਰਜਵਾਹਿਆਂ ਦਾ ਨਿਰੀਖਣ ਕੀਤਾ। ਇਸ ਮਗਰੋਂ ਉਨ੍ਹਾਂ ਹਦਾਇਤ ਕੀਤੀ ਕਿ ਸਬ ਡਿਵੀਜ਼ਨ ਪਾਤੜਾਂ ਦੇ ਸਮੁੱਚੇ ਰਜਵਾਹਿਆ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਸਾਉਣੀ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਕੋਈ ਦਿੱਕਤ ਨਾ ਆਵੇ। ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਅਕਾਲੀ, ਭਾਜਪਾ ਅਤੇ ਕਾਂਗਰਸ ਵੱਲੋਂ ਨਹਿਰੀ ਵਿਭਾਗ ’ਚ ਵੱਡੇ ਘੁਟਾਲੇ ਕਰ ਕੇ ਸੂਬੇ ਦੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ ਗਿਆ ਹੈ ਪਰ ਹੁਣ ਭਗਵੰਤ ਮਾਨ ਦੀ ਅਗਵਾਈ ’ਚ ਸੂਬੇ ਅੰਦਰ ਚੱਲ ਰਹੀ ‘ਆਪ’ ਸਰਕਾਰ ਵੱਲੋਂ ਨਹਿਰੀ ਵਿਭਾਗ ’ਚ ਹੋਏ ਘੁਟਾਲੇ ਦੀ ਵਿਜੀਲੈਂਸ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਸਾਰੇ ਦੋਸ਼ੀ ਸ਼ਲਾਖਾਂ ਪਿੱਛੇ ਹੋਣਗੇ।
ਨਹਿਰੀ ਵਿਭਾਗ ਦੇ ਐਕਸੀਅਨ ਹਰਸ਼ਪ੍ਰੀਤ ਸਿੰਘ ਨੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਸਮੇਤ ਇਲਾਕੇ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੁਝ ਦਿਨਾਂ ਅੰਦਰ ਹੀ ਹਲਕਾ ਸ਼ੁਤਰਾਣਾ ਦੇ ਰਜਵਾਹਿਆਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਜਾਵੇਗਾ। ਇਸ ਮੌਕੇ ਪ੍ਰੀਤ ਗਿੱਲ ਸੀਨੀਅਰ ਮੀਤ ਪ੍ਰਧਾਨ ਕਾਰ ਡੀਲਰ ਐਸੋਸੀਏਸ਼ਨ ਪਾਤੜਾਂ, ਮਹਿੰਗਾ ਸਿੰਘ ਬਰਾੜ ਪ੍ਰਧਾਨ ਬਲਾਕ ਪਾਤੜਾਂ, ਜੱਗਾ ਖਾਂਗ, ਦਵਿੰਦਰ ਸਿੰਘ ਸੇਲਵਾਲਾ, ਸਰਪੰਚ ਕਰਨੈਲ ਸਿੰਘ ਗੰਗਾਨਗਰ ਦੁਤਾਲ, ਬੂਟਾ ਸਿੰਘ ਵਿਰਕ, ਗਰੀਬੂ ਸਰਪੰਚ ਤੇ ਸਰਪੰਚ ਸੁਨੀਲ ਕੁਮਾਰ ਆਦਿ ਹਾਜ਼ਰ ਸਨ।