ਖੇਤਰੀ ਪ੍ਰਤੀਨਿਧ
ਪਟਿਆਲਾ, 20 ਨਵੰਬਰ
ਸੰਨ 1971 ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ ਪ੍ਰਤੀਕ ‘ਸਵਰਨਿਮ ਵਿਜੈ ਮਸ਼ਾਲ’ ਅੱਜ ਪਟਿਆਲਾ ਪਹੁੰਚੀ। ਇਸ ਮਸ਼ਾਲ ਦਾ ਪਟਿਆਲਾ ਪੁੱਜਣ ’ਤੇ ਖੜਗਾ ਕੋਰ ਦਾ ਹਿੱਸਾ, ਏਅਰਾਵਤ ਡਿਵੀਜ਼ਨ ਦੇ ਜਨਰਲ ਅਫ਼ਸਰ ਕਮਾਂਡਿੰਗ ਮੇਜਰ ਜਨਰਲ ਮੋਹਿਤ ਮਲਹੋਤਰਾ, ਐੱਸ.ਐੱਮ., ਨੇ ਸਵਾਗਤ ਕਰਕੇ ਸਨਮਾਨ ਦਿੱਤਾ। ਸਮਾਗਮ ਵਿੱਚ ਫੌਜੀ ਤੇ ਸਿਵਲ ਸ਼ਖ਼ਸੀਅਤਾਂ ਮੌਜੂਦ ਸਨ।
ਭਾਰਤੀ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ 1971 ਦੀ ਭਾਰਤ-ਪਾਕਿ ਜੰਗ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਾਨਦਾਰ ਜਿੱਤ ਦੀ 50 ਸਾਲਾ ਯਾਦ ਵਿੱਚ, ਸਾਲ 2020-21 ‘ਸਵਰਨਿਮ ਵਿਜੈ ਵਰਸ਼’ ਵਜੋਂ 16 ਦਸੰਬਰ 2020 ਤੋਂ 16 ਦਸੰਬਰ 2021 ਤੱਕ ਮਨਾਇਆ ਜਾ ਰਿਹਾ ਹੈ। ਫ਼ੌਜ ਵੱਲੋਂ 16 ਦਸੰਬਰ ਨੂੰ ਭਾਰਤੀ ਹਥਿਆਰਬੰਦ ਬਲਾਂ ਦੇ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ, ਲੰਘੇ ਵਰ੍ਹੇ ਇਸ ਦਿਨ, ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿਖੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ 1971 ਦੀ ਭਾਰਤ-ਪਾਕਿ ਜੰਗ ਦੇ ਸਾਬਕਾ ਸੈਨਿਕਾਂ ਨੂੰ, ਜਿੱਤ ਦੀਆਂ ਚਾਰ ਮਸ਼ਾਲਾਂ ਸੌਂਪੀਆਂ। ਇਸੇ ਵਰ੍ਹੇ ਦਸੰਬਰ ਮਹੀਨੇ ਨਵੀਂ ਦਿੱਲੀ ਪਰਤਣ ਵਾਲੀਆਂ ਅਤੇ ਦੇਸ਼ ਦੀਆਂ ਚਾਰੋਂ ਦਿਸ਼ਾਵਾਂ ’ਚ ਜਾਣ ਵਾਲੀਆਂ ਜਿੱਤ ਦੀਆਂ ਇਹ ਮਸ਼ਾਲਾਂ, ਨੈਸ਼ਨਲ ਵਾਰ ਮੈਮੋਰੀਅਲ ਵਿੱਚ ਜਗਦੀ ਸਦੀਵੀ ਲਾਟ ਤੋਂ ਜਗਾਈਆਂ ਗਈਆਂ ਹਨ। ਇਨ੍ਹਾਂ ਚਾਰੇ ਮਸ਼ਾਲਾਂ ਵਿੱਚੋਂ ਇੱਕ ਜਿੱਤ ਦੀ ਮਸ਼ਾਲ, ਦਿੱਲੀ ਪਰਤਦਿਆਂ ਅੱਜ ਪਟਿਆਲਾ ਪਹੁੰਚੀ ਹੈ ਅਤੇ 29 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਲਈ ਰਵਾਨਾ ਹੋਵੇਗੀ।
ਇਸ ਦੌਰਾਨ ਸਾਡੇ ਮਹਾਨ ਸ਼ਹੀਦਾਂ, ਵੀਰ ਨਾਰੀਆਂ ਦੇ ਯੋਗਦਾਨ ਅਤੇ ਵੀਰ ਨਾਰੀਆਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਪਟਿਆਲਾ ਵਿੱਚ ਵੱਖ-ਵੱਖ ਸਮਾਗਮ ਕਰਵਾਏ। ਇਸ ਮੌਕੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਤੇ ਜੰਗੀ ਵਿਧਵਾਵਾਂ ਨੂੰ ਸਨਮਾਨਿਤ ਤੋਂ ਇਲਾਵਾ ਇਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ ਇਨ੍ਹਾਂ ਤੋਂ ਪ੍ਰੇਰਨਾ ਲਈ ਜਾਵੇ। ਇਸ ਤਰ੍ਹਾਂ ਇੱਥੇ 1971 ਦੀ ਜੰਗ ਦੇ 100 ਦੇ ਕਰੀਬ ਸਾਬਕਾ ਸੈਨਿਕਾਂ ਅਤੇ ਪੁਰਸਕਾਰ ਜੇਤੂਆਂ ਸਮੇਤ 25 ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।