ਪੱਤਰ ਪ੍ਰੇਰਕ
ਘਨੌਰ, 7 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਬਲਾਕ ਪੱਧਰੀ ਮੀਟਿੰਗ ਕਸਬਾ ਘਨੌਰ ’ਚ ਯੂਨੀਅਨ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਮਿੱਠੂ ਉਕਸੀ ਦੀ ਸਾਂਝੀ ਅਗਵਾਈ ਵਿੱਚ ਹੋਈ। ਇਸ ਵਿੱਚ ਚਰਨਜੀਤ ਸਿੰਘ ਝੁੰਗੀਆ, ਗੁਰਦੀਪ ਸਿੰਘ ਰੁੜਕੀ, ਗੁਰਜੀਤ ਸਿੰਘ ਧਨੋਆ, ਗੁਰਦੀਪ ਸਿੰਘ ਕਪੂਰੀ, ਹਰਦਮ ਸਿੰਘ ਸਰਾਲਾ ਅਤੇ ਕੁਲਦੀਪ ਸਿੰਘ ਲਾਛੜੂ ਸਣੇ ਹੋਰਨਾਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਯੂਨੀਅਨ ਦੇ ਸੂਬਾਈ ਆਗੂ ਗੁਲਜਾਰ ਸਿੰਘ ਸਲੇਮਪੁਰ, ਪਵਨ ਕੁਮਾਰ ਸੋਗਲਪੁਰ, ਰਣਜੀਤ ਸਿੰਘ ਲੋਹਸਿੰਬਲੀ ਸਣੇ ਹੋਰਨਾਂ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹਰ ਕਿਸਾਨ ਨੂੰ ਆਪਣੀ ਟਿਊਬਵੈਲ ਮੋਟਰ ’ਤੇ 10 ਪੌਦੇ ਲਗਾਉਣ ਲਈ ਪ੍ਰੇਰਿਆ। ਕਿਸਾਨ ਆਗੂਆਂ ਕਿਹਾ ਕਿ ਮਾਲ ਵਿਭਾਗ ਦੇ ਪਟਵਾਰੀਆਂ ਵੱਲੋਂ ਵਾਧੂ ਚਾਰਜ ਵਾਲੇ ਪਿੰਡਾਂ ਦਾ ਮਾਲ ਵਿਭਾਗ ਨਾਲ ਸਬੰਧਿਤ ਕੰਮਕਾਜ ਨਾ ਕੀਤੇ ਜਾਣ ’ਤੇ ਕਿਸਾਨਾਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਅਸਾਮੀਆਂ ’ਤੇ ਪਟਵਾਰੀਆਂ ਦੀ ਤੁਰੰਤ ਨਿਯੁਕਤੀ ਕੀਤੀ ਜਾਵੇ।