ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 5 ਫਰਵਰੀ
ਖ਼ਾਲਸਾ ਕਾਲਜ ਪਟਿਆਲਾ ਦੀ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਇੰਦਰਬੀਰ ਕੌਰ ਦੀ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਪੁਸਤਕ ‘ਬਲੈਂਡਡ ਲਰਨਿੰਗ’ ਰਸ਼ੀਆ, ਪੁਰਤਗੀਜ਼, ਪੌਲਿਸ਼, ਫਰੈਂਚ, ਇਟਾਲੀਅਨ, ਡੱਚ, ਜਰਮਨ ਅਤੇ ਸਪੈਨਿਸ਼ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਈ। ਪ੍ਰੋ. ਇੰਦਰਬੀਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪੁਸਤਕ ਉਸ ਨੂੰ ਖ਼ਾਲਸਾ ਕਾਲਜ ਵੱਲੋਂ ਮਿਲੇ ਮਾਈਨਰ ਰਿਸਰਚ ਪ੍ਰਾਜੈਕਟ ਦੌਰਾਨ ਕੀਤਾ ਗਿਆ ਖੋਜ ਕਾਰਜ ਹੈ। ਇਸ ਖੋਜ ਕਾਰਜ ਨੂੰ ਲੈਮਬਰਟ ਪਬਲਿਸ਼ਰ, ਯੂਰਪੀਅਨ ਯੂਨੀਅਨ ਦੁਆਰਾ ਪੁਸਤਕ ਰੂਪ ਵਿਚ ਅੰਗਰੇਜ਼ੀ ਭਾਸ਼ਾ ਵਿਚ ਪ੍ਰਕਾਸ਼ਿਤ ਕੀਤਾ ਗਿਆ, ਜਿਸ ਦੀ ਹੋਰ ਭਾਸ਼ਾਵਾਂ ਵਿਚ ਮੰਗ ਹੋਣ ’ਤੇ ਇਸ ਨੂੰ ਜਰਮਨ ਦੀ ਕੌਮਾਂਤਰੀ ਪੱਧਰ ’ਤੇ ਭਾਸ਼ਾ ਅਨੁਵਾਦ ਵਿਚ ਪ੍ਰਸਿੱਧ ਕੰਪਨੀ ਦੁਆਰਾ, ਉਪਰੋਕਤ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ। ਇਸ ਉਪਰੰਤ ਇਹ ਪੁਸਤਕ ਅੱਠ ਦੇਸ਼ਾਂ ਦੇ ਪ੍ਰਸਿੱਧੀ ਪ੍ਰਾਪਤ ਪਬਲਿਸ਼ਰਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।