ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਸਤੰਬਰ
ਦਿੱਲੀ-ਸੰਗਰੂਰ ਮੁੱਖ ਕੌਮੀ ਮਾਰਗ ਦੇ ਨਿਰਮਾਣ ਦੌਰਾਨ ਸ਼ਹਿਰ ਦੇ ਸੰਗਰੂਰ ਰੋਡ ਤੋਂ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਾ ਦੇਣ ਦੇ ਵਿਰੁੱਧ ਸੰਘਰਸ਼ ਕਮੇਟੀ ਨੇ ਤਹਿਸੀਲ ਕੰਪਲੈਕਸ ਪਾਤੜਾਂ ਵਿੱਚ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਕੇ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਸੰਘਰਸ਼ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਸੰਘਰਸ਼ ਨੂੰ ਉਦੋਂ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦੋਂ ਤੱਕ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ।
ਸੰਘਰਸ਼ ਕਮੇਟੀ ਦੇ ਆਗੂ ਦਵਿੰਦਰ ਸਿੰਘ ਤੇ ਜਗਦੀਸ਼ ਸਿੰਘ ਨੇ ਦੱਸਿਆ ਕਿ ਉਕਤ ਕੌਮੀ ਮੁੱਖ ਮਾਰਗ ਦੇ ਨਿਰਮਾਣ ਸਮੇਂ ਪਾਤੜਾਂ ਸ਼ਹਿਰ ਦੇ ਸੰਗਰੂਰ ਰੋਡ ਤੋਂ ਜ਼ਮੀਨ ਐਕੁਆਇਰ ਕਰ ਕੇ ਬਹੁਤ ਸਾਰੀਆਂ ਦੁਕਾਨਾਂ ਢਾਹ ਦਿੱਤੀਆਂ ਗਈਆਂ ਸਨ। ਦੁਕਾਨਦਾਰਾਂ ਨੂੰ ਹੁਣ ਤੱਕ ਮੁਆਵਜ਼ਾ ਵੀ ਨਹੀਂ ਮਿਲਿਆ ਜਦਕਿ ਰਾਜਨੀਤਕ ਪਹੁੰਚ ਰੱਖਣ ਵਾਲੇ ਕਰੋੜਾਂ ਰੁਪਏ ਲੈ ਚੁੱਕੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਦਫ਼ਤਰਾਂ ਦੇ ਚੱਕਰ ਲਾ ਕੇ ਥੱਕ ਚੁੱਕੇ ਹਨ। ਅਗਸਤ ਵਿੱਚ ਉਨ੍ਹਾਂ ਵੱਲੋਂ 3 ਦਿਨਾਂ ਰੋਸ ਧਰਨਾ ਤੇ ਭੁੱਖ ਹੜਤਾਲ ਕਰਨ ਮਗਰੋਂ ਐੱਸਡੀਐੱਮ ਪਾਤੜਾਂ ਨੇ ਤਹਿਸੀਲਦਾਰ ਰਾਹੀਂ ਯਕੀਨ ਦਿਵਾਇਆ ਸੀ ਕਿ ਹਫ਼ਤੇ ਵਿੱਚ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਮਹੀਨੇ ਦੇ ਕਰੀਬ ਬੀਤ ਜਾਣ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਹੋਇਆ। ਮਜਬੂਰੀਵੱਸ ਉਨ੍ਹਾਂ ਨੂੰ ਹੁਣ ਪਾਤੜਾਂ ਤਹਿਸੀਲ ਵਿੱਚ ਧਰਨਾ ਸ਼ੁਰੂ ਕਰਨਾ ਪਿਆ ਹੈ।
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਮਰੀਕ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਬੇਰੁਜ਼ਗਾਰ ਹੋਏ ਦੁਕਾਨਦਾਰਾਂ ਦਾ ਹਰ ਸੰਭਵ ਸਾਥ ਦੇਵੇਗੀ। ਧਰਨੇ ਵਿੱਚ ਗੁਰਦੇਵ ਸਿੰਘ, ਕਿੑਸ਼ਨ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਪੁਸ਼ਪਾ ਰਾਣੀ, ਗੁਰਪਾਲ ਸਿੰਘ, ਸੁਰਿੰਦਰ ਪਾਲ, ਪ੍ਰੇਮ ਕੁਮਾਰ, ਪਵਨ ਕੁਮਾਰ, ਸਰਦੂਲ ਸਿੰਘ, ਸੋਨੂ ਗਰਗ, ਗਿਆਨ ਸਿੰਘ, ਮਨਜੀਤ ਕੌਰ ਤੇ ਮੇਹਰ ਸਿੰਘ ਜੈਖਰ ਮੌਜੂਦ ਸਨ।