ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 4 ਜੁਲਾਈ
ਘਨੌਰ ਖੇਤਰ ਦੇ ਪਿੰਡ ਮਦਨਪੁਰ ਚਲਹੇੜੀ ਅਤੇ ਥੂਹਾ ਸਮੇਤ ਕਰੀਬ ਅੱਧਾ ਦਰਜਨ ਪਿੰਡਾਂ ਦੇ ਵਸਨੀਕ ਸੈਂਕੜੇ ਕਿਸਾਨਾਂ ਨੂੰ ਸੂਰਜਮੁਖੀ ਦਾ ਘਟੀਆ ਕਿਸਮ ਦਾ ਬੀਜ ਵੇਚਣ ਦੇ ਮਾਮਲੇ ਵਿੱਚ ਨਾਮਜ਼ਦ ਇੱਥੋਂ ਦੇ ਤਿੰਨ ਦੁਕਾਨਦਾਰਾਂ ਅਤੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਸੁਖਵਿੰਦਰ ਸਿੰਘ, ਪੂਰਨ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਨੰਬਰਦਾਰ ਹਰਬੀਰ ਸਿੰਘ ਅਤੇ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਇਥੋਂ ਦੇ ਫੁਹਾਰਾ ਚੌਕ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਇਕ ਨੀਨਾ ਮਿੱਤਲ ਅਤੇ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੂਰਜਮੁਖੀ ਦੇ ਘਟੀਆ ਬੀਜ ਤੋਂ ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਰਾਜਪੁਰਾ ਟਾਊਨ ਦੇ ਤਿੰਨ ਦੁਕਾਨਦਾਰਾਂ ਆਰ.ਕੇ ਟਰੇਡਰਜ਼, ਸ਼ਾਮ ਟਰੇਡਿੰਗ ਕੰਪਨੀ ਨਵੀਂ ਅਨਾਜ ਮੰਡੀ ਰਾਜਪੁਰਾ ਅਤੇ ਰਾਜਪੁਰਾ ਪੈਸਟੀਸਾਈਡ ਕ੍ਰਿਸ਼ਨਾ ਮਾਰਕੀਟ ਰਾਜਪੁਰਾ ਤੋਂ ਸੂਰਜਮੁਖੀ ਦਾ ਬੀਜ ਖਰੀਦ ਕੇ ਕਰੀਬ 125 ਏਕੜ ਫਸਲ ਬੀਜੀ ਗਈ ਸੀ। ਬੀਜ ਘਟੀਆ ਮਿਆਰ ਦਾ ਹੋਣ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਸਹਿਣਾ ਪਿਆ। ਸ਼ਿਕਾਇਤ ਦਰਜ ਹੋਣ ਦੇ ਬਾਵਜੂਦ ਤਿੰਨ ਮਹੀਨੇ ਬਾਅਦ ਵੀ ਪੁਲੀਸ ਵੱਲੋਂ ਉਕਤ ਦੁਕਾਨਦਾਰਾਂ ਅਤੇ ਦੁਕਾਨਦਾਰਾਂ ਨੂੰ ਸੂਰਜਮੁਖੀ ਦਾ ਘਟੀਆ ਬੀਜ ਵੇਚਣ ਦੀ ਖੁੱਲ੍ਹ ਦੇਣ ਵਾਲੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਘਟੀਆ ਬੀਜ ਦੇਣ ਦੇ ਮਾਮਲੇ ਵਿੱਚ ਨਾਮਜ਼ਦ ਤਿੰਨ ਦੁਕਾਨਦਾਰਾਂ ਅਤੇ ਘਟੀਆ ਬੀਜ ਵੇਚਣ ਦੀ ਖੁੱਲ੍ਹ ਦੇਣ ਵਾਲੇ ਜ਼ਿਲ੍ਹਾ ਖੇਤੀਬਾੜੀ ਅਫਸਰ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।
ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਜਸਵੰਤ ਰਾਏ ਦਾ ਕਹਿਣਾ ਸੀ ਕਿ ਬੀਜ ਬਣਾਉਣ ਵਾਲੀ ਕੋਈ ਵੀ ਕੰਪਨੀ ਜਿਸ ਦਾ ਰਾਜ ਵਿੱਚ ਕੋਈ ਗੁਦਾਮ ਨਾ ਹੋਵੇ, ਉਹ ਪੱਕੇ ਬਿੱਲ ਰਾਹੀਂ ਦੇਸ਼ ਵਿੱਚ ਕਿਧਰੇ ਵੀ ਆਪਣੇ ਬੀਜ ਵੇਚ ਸਕਦੀ ਹੈ। ਵਿਭਾਗ ਵੱਲੋਂ ਘਟੀਆ ਬੀਜ ਵੇਚਣ ਵਾਲੇ ਦੁਕਾਨਦਾਰਾਂ ਤੇ ਸਬੰਧਤ ਕੰਪਨੀ ਖਿਲਾਫ ਐਫ.ਆਈ.ਆਰ ਦਰਜ ਕਰਵਾ ਦਿੱਤੀ ਗਈ ਹੈ। ਹੁਣ ਇਹ ਮਾਮਲਾ ਅਦਾਲਤ ਤੇ ਪੁਲੀਸ ਕੋਲ ਹੈ। ਘਟੀਆ ਬੀਜ ਦੀ ਸਪਲਾਈ ਵਿੱਚ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ।