ਸਰਬਜੀਤ ਸਿੰੰਘ ਭੰਗੂ
ਪਟਿਆਲਾ, 30 ਅਗਸਤ
ਨਗਰ ਨਿਗਮ ਦਫ਼ਤਰ ਵਿੱਚ ਅੱਜ ਹੋਈ ਐੱਫਐਂਡਸੀਸੀ ਦੀ ਬੈਠਕ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰਾਜੈਕਟ ਲਈ ਅਰਜ਼ੀਆਂ ਨਾ ਦੇਣ ਵਾਲੀਆਂ ਡੇਅਰੀਆਂ ਨੂੰ ਇੱਕ ਹਫਤੇ ਦੇ ਅੰਦਰ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਥੋਂ ਤੱਕ ਕਿ ਕਾਰਵਾਈ ਨਾ ਕਰਨ ਦੀ ਸੂਰਤ ’ਚ ਅਧਿਕਾਰੀਆਂ ਦੇ ਖ਼ਿਲਾਫ਼ ਵੀ ਸਖਤ ਰੁਖ਼ ਅਪਣਾਇਆ ਜਾਵੇਗਾ। ਐੱਫਐਂਡਸੀਸੀ ਦੇ ਮੈਂਬਰਾਂ ਨੇ ਕਿਹਾ ਕਿ 135 ਪਲਾਟਾਂ ਲਈ ਸ਼ਹਿਰ ਦੇ 200 ਤੋਂ ਜ਼ਿਆਦਾ ਡੇਅਰੀ ਸੰਚਾਲਕਾਂ ਵਿੱਚੋਂ ਮਹਿਜ 66 ਨੇ ਹੀ ਅਰਜ਼ੀਆਂ ਦਿੱਤੀਆਂ ਹਨ ਤੇ ਜਿਨ੍ਹਾਂ ਲੋਕਾਂ ਨੇ ਅਰਜ਼ੀਆਂ ਨਹੀਂ ਦਿੱਤੀਆਂ, ਉਨ੍ਹਾਂ ਖ਼ਿਲਾਫ ਹੁਣ ਤੱਕ ਨਿਗਮ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਮੈਂਬਰਾਂ ਅਨੁਸਾਰ ਡੇਅਰੀ ਸੰਚਾਲਕਾਂ ਕਾਰਨ ਸੀਵਰੇਜ ਅਤੇ ਨਾਲਿਆਂ ਦੀ ਸਫ਼ਾਈ ਤੇ ਖਰਚ ਕੀਤੇ ਕਰੋੜਾਂ ਰੁਪਏ ਬਰਬਾਦ ਹੋ ਰਹੇ ਹਨ।
ਇਸ ਦੇ ਨਾਲ ਹੀ ਘਾਸ ਮੰਡੀ ਦੇ ਕੋਲ ਸਥਿਤ ਪਾਰਕ ’ਤੇ 5.70 ਲੱਖ ਰੁਪਏ ਖਰਚਣ ਦਾ ਮਤਾ ਰੱਦ ਕਰਦਿਆਂ ਮੇਅਰ ਸੰਜੀਵ ਬਿੱਟੁੂ ਦੇ ਕਹਿਣ ’ਤੇ ਉੱਥੇ ਪਾਰਕਿੰਗ ਤਿਆਰ ਕੀਤੇ ਜਾਣ ਦਾ ਮਤਾ ਪਾਸ ਕਰ ਦਿੱਤਾ ਗਿਆ। ਬੈਠਕ ਵਿੱਚ ਸ਼ਹਿਰ ਦੇ ਪ੍ਰਮੁੱਖ ਚਾਰ ਮਾਰਗਾਂ ਦੇ ਸੁੰਦਰੀਕਰਨ ਮਤੇ ਨੂੰ ਫਿਲਹਾਲ ਪਾਸ ਨਹੀਂ ਕੀਤਾ ਗਿਆ ਕਿਉਂਕਿ ਇਸ ਬਾਰੇ ਸਹਿਮਤੀ ਨਹੀਂ ਬਣ ਸਕੀ। ਐੱਫਐਂਡਸੀਸੀ ਦੀ ਅਗਲੀ ਮੀਟਿੰਗ 7 ਸਤੰਬਰ ਨੂੰ ਹੋਵੇਗੀ। ਮੇਅਰ ਦੀ ਅਗਵਾਈ ਵਿੱਚ ਹੋਈ ਅੱਜ ਦੀ ਬੈਠਕ ਦੌਰਾਨ ਪ੍ਰਮੁੱਖ ਚਾਰ ਮਾਰਗਾਂ ਦੇ ਪ੍ਰਵੇਸ਼ ਦੇ ਸੁੰਦਰੀਕਰਨ ਨੂੰ ਛੱਡ ਕੇ ਸਾਰੇ ਮਤੇ ਸਰਵਸੰਮਤੀ ਨਾਲ ਪਾਸ ਕਰ ਦਿੱਤੇ ਗਏ।
ਜਨਤਕ ਥਾਂ ’ਤੇ ਪਸ਼ੂ ਕੱਟਣ ਜਾਂ ਮੀਟ ਵੇਚਣ ਵਾਲਿਆਂ ਦੇ ਲਾਇਸੈਂਸ ਹੋਣਗੇ ਰੱਦ
ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਕਿਹਾ ਕਿ ਧੋਬੀਘਾਟ ਰੋਡ 80 ਫੁੱਟ ਚੌੜੀ ਹੈ ਪਰ ਉੱਥੇ ਹੁਣ ਤੱਕ ਸਟਰੀਟ ਲਾਈਟ ਨਹੀਂ ਲਗਾਈ ਗਈ। ਇਸ ’ਤੇ ਨਿਗਮ ਕਮਿਸ਼ਨਰ ਨੇ ਤੁਰੰਤ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਮੈਂਬਰ ਅਨਿਲ ਮੌਦਗਿੱਲ ਵੱਲੋਂ ਰੱਖੇ ਪ੍ਰਸਤਾਵ ’ਤੇ ਫੈਸਲਾ ਲਿਆ ਗਿਆ ਕਿ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਜੋ ਦੁਕਾਨਦਾਰ ਖੁੱਲ੍ਹੇ ਵਿੱਚ ਮੀਟ ਵੇਚਦਾ ਜਾਂ ਕੱਟਦਾ ਹੈ, ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇ ਅਤੇ ਨਾਲ ਹੀ ਨਵੇਂ ਲਾਇਸੈਂਸ ਬਣਾਉਣ ’ਤੇ ਰੋਕ ਲਗਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ। ਡਿਪਟੀ ਮੇਅਰ ਵਿਨਤੀ ਸੰਗਰ ਵੱਲੋਂ ਅਧੂਰੇ ਕੰਮਾਂ ਦੀ ਰਿਪੋਰਟ ਪੇਸ਼ ਕਰਨ ਦੇ ਸੁਝਾਅ ’ਤੇ ਵੀ ਅਮਲ ਕੀਤਾ ਗਿਆ। ਸੀਵਰੇਜ ਜਾਂ ਪਾਣੀ ਦੇ ਨਵੇਂ ਕੁਨੈਕਸ਼ਨ ਕੀਤੇ ਜਾਣ ਮਗਰੋਂ ਪੁੱਟੀਆਂ ਜਾਂਦੀਆਂ ਸੜਕਾਂ ਨੂੰ ਤੁਰੰਤ ਠੀਕ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਕੌਂਸਲਰ ਹਰਵਿੰਦਰ ਸਿੰਘ ਨਿੱਪੀ ਵੱਲੋਂ ਦਿੱਤੇ ਗਏ ਸੁਝਾਅ ’ਤੇ ਸ਼ਹਿਰ ਦੇ ਸਾਰੇ 113 ਪਾਰਕਾਂ ਵਿੱਚ ਸਟਰੀਟ ਲਾਈਟ ਦਾ ਵਿਸ਼ੇਸ਼ ਪ੍ਰਬੰਧ ਕਰਨ ਦਾ ਮਤਾ ਵੀ ਪਾਸ ਕਰ ਦਿੱਤਾ ਗਿਆ।