ਸਮਾਣਾ (ਪੱਤਰ ਪ੍ਰੇਰਕ): ਸਮਾਣਾ ਨੇੜਲੇ ਦੋ ਵੱਖ-ਵੱਖ ਪਿੰਡਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪਿੰਡ ਟੋਡਰਪੁਰ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਉਸ ਦੇ ਖੇਤ ਵਿੱਚ ਬੰਨ੍ਹੇ ਤੂੜੀ ਦੇ ਦੋ ਕੂਪਾਂ ਨੂੰ ਅਚਾਨਕ ਅੱਗ ਲੱਗ ਗਈ ਜਿਸ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਦੋਂ ਤੱਕ ਕਾਬੂ ਪਾਇਆ ਤਾਂ ਉਸ ਵੇਲੇ ਤਕ ਦੋਨੋਂ ਕੂਪਾਂ ਦੀ ਤੂੜੀ ਸੜ ਕੇ ਰਾਖ ਹੋ ਚੁੱਕੀ ਸੀ।
ਇਸੇ ਤਰ੍ਹਾਂ ਪਿੰਡ ਕੁਤਬਨਪੁਰ ਵਿਖੇ ਭਿੰਡਰ ਰਾਈਸ ਮਿੱਲ ਵਿਚ ਪਿਛਲੇ ਕਈ ਦਿਨਾਂ ਤੋਂ ਲੱਗੀ ਫੂਸ ਨੂੰ ਅੱਗ ਸੁਲਘਦੀ ਜਾ ਰਹੀ ਹੈ ਜੋ ਅੱਜ ਦੁਪਹਿਰ ਸਮੇਂ ਕਾਫੀ ਭੜਕ ਗਈ। ਜਾਣਕਾਰੀ ਦਿੰਦਿਆਂ ਸ਼ੈੱਲਰ ਮਾਲਕ ਸੰਦੀਪ ਸਿੰਘ ਨੇ ਦੱਸਿਆ ਕਿ 11 ਮਈ ਨੂੰ ਰਾਤ ਸਮੇਂ ਉਨ੍ਹਾਂ ਦੇ ਸ਼ੈੱਲਰ ’ਚ ਪਏ ਫੂਸ ਨੂੰ ਅੱਗ ਲੱਗੀ ਸੀ ਜਿਸ ’ਤੇ ਰਾਤ ਨੂੰ ਦੋ ਵਜੇ ਤੱਕ ਫਾਇਰ ਬ੍ਰਿਗੇਡ ਕਰਮੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਸੀ। ਪਰ ਉਸ ਵੇਲੇ ਅੱਗ ਫੂਸ ਨੂੰ ਕਿਤੇ ਹੇਠਾਂ ਲੱਗੀ ਰਹਿ ਗਈ ਜੋ ਸ਼ਨੀਵਾਰ ਦੁਪਹਿਰ ਸਮੇਂ ਫਿਰ ਫੂਸ ਨੂੰ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਆ ਕੇ ਬੁਝਾਇਆ ਉਨ੍ਹਾਂ ਕਿਹਾ ਕਿ ਹੁਣ ਤੱਕ ਪੰਦਰਾਂ ਸੌ ਕੁਇੰਟਲ ਫੂਸ ਸੜ ਕੇ ਰਾਖ ਹੋ ਜਾਣ ਦਾ ਅੰਦਾਜ਼ਾ ਹੈ। ਦੋਨੋਂ ਘਟਨਾਵਾਂ ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।