ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 18 ਸਤੰਬਰ
ਇੱਥੋਂ ਦੀ ਆਈਸੀਐਲ ਰੋਡ ਨੇੜੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਈਸੀਐਲ ਰੋਡ ਰਾਹੀਂ ਸ਼ਹਿਰ ਨੂੰ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ਨਾਲ ਜੋੜਨ ਵਾਲੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਜ਼ਮੀਨਦੋਜ਼ ਪੁਲ (ਅੰਡਰ ਬ੍ਰਿੱਜ) ਦੇ ਇੱਕ ਫੇਜ਼ ਦਾ ਉਦਘਾਟਨ ਕੀਤਾ। ਇਸ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਮੌਕੇ ਵਿਧਾਇਕ ਸ੍ਰੀ ਕੰਬੋਜ ਨੇ ਆਖਿਆ ਕਿ ਸਾਢੇ ਚਾਰ ਸਾਲਾਂ ਦੌਰਾਨ ਹਲਕਾ ਰਾਜਪੁਰਾ ਦਾ ਜਿੰਨਾ ਵਿਕਾਸ ਅਤੇ ਸੁੰਦਰੀਕਰਨ ਹੋਇਆ ਹੈ, ਓਨਾ ਪਿਛਲੇ ਪੰਜ ਦਹਾਕੇ ਦੌਰਾਨ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਜ਼ਮੀਨਦੋਜ਼ ਪੁਲ ਤੋਂ ਇਲਾਵਾ ਰਾਜਪੁਰਾ-ਪਟਿਆਲਾ ਰੇਲਮਾਰਗ ’ਤੇ ਪੁਰਾਣੀ ਜੀਟੀ ਰੋਡ ਰਾਹੀਂ ਸ਼ਹਿਰ ਨੂੰ ਜੋੜਨ ਵਾਲੇ ਰੇਲਵੇ ਫਾਟਕ ਉੱਪਰੋਂ 38 ਕਰੋੜ ਰੁਪਏ ਦੀ ਲਾਗਤ ਨਾਲ ਫਲਾਈਓਵਰ ਦੀ ਉਸਾਰੀ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਵੇਗੀ। ਇਸ ਨਾਲ ਰਾਜਪੁਰਾ ਦੇ ਸਮੁੱਚੇ ਕਾਰੋਬਾਰ ਵਿੱਚ ਵਾਧਾ ਹੋਵੇਗਾ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ, ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ, ਚੇਅਰਮੈਨ ਵਿਨੈ ਨਿਰੰਕਾਰੀ, ਭੁਪਿੰਦਰ ਸੈਣੀ, ਆਈਸੀਐਲ ਸਿਟੀ ਪ੍ਰਾਜੈਕਟ ਦੇ ਐਮਡੀ ਪ੍ਰੇਮਚੰਦ ਸ਼ਰਮਾ, ਪਵਨ ਕੁਮਾਰ ਪਿੰਕਾ, ਜਤਿੰਦਰ ਕੌਰ ਵੜੈਚ, ਐਕਸੀਅਨ ਗੁਰਵਿੰਦਰ ਸਿੰਘ ਅਤੇ ਰੇਲਵੇ ਵਿਭਾਗ ਦੇ ਐਕਸੀਅਨ ਸੌਰਭ ਸਿੰਘ ਸਣੇ ਹੋਰ ਆਗੂ ਤੇ ਅਧਿਕਾਰੀ ਮੌਜੂਦ ਸਨ।